ਨਕਲੀ ਬੀਜ,ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਮਾੜੇ ਅਨਸਰਾਂ ਖਿਲਾਫ਼ ਹੋਵੇਗੀ ਸਖ਼ਤੀ,ਧੋਖੇਬਾਜ਼ ਡੀਲਰਾਂ ਨੂੰ ਕਾਬੂ ਕਰਨ ਲਈ ਹੈਲਪਲਾਈਨ ਨੰਬਰ ਅਤੇ ਈ-ਮੇਲ ਸਥਾਪਤ:ਕੇ.ਐਸ. ਪੰਨੂੰ
ਚੰਡੀਗੜ, 16 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਨੇ ਗੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹਲੈਪ ਲਾਈਨ ਨੰਬਰ 84373-12288 ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਿਸੇ ਵੀ ਥਾਂ ’ਤੇ ਗੈਰ-ਮਿਆਰੀ ਖੇਤੀ ਸਮੱਗਰੀ ਦੀ ਹੁੰਦੀ ਵਿਕਰੀ ਬਾਰੇ ਇਸ ਸਹਾਇਤਾ ਨੰਬਰ ’ਤੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਇਨਾਂ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇੱਥੋਂ ਜਾਰੀ ਇਕ ਪੱਤਰ ਵਿੱਚ ਖੇਤੀਬਾੜੀ ਵਿਭਾਗ ਨੇ ਲੋਕਾਂ ਖਾਸ ਕਰਕੇ ਕਿਸਾਨ ਭਾਈਚਾਰੇ ਦੇ ਸਹਿਯੋਗ ਦੀ ਮੰਗ ਕਰਦਿਆਂ ਉਨਾਂ ਨੂੰ ਮਿਲਵਾਟੀ ਖੇਤੀ ਲਾਗਤਾਂ ਦੀ ਸਪਲਾਈ ਬਾਰੇ ਕਿਸੇ ਤਰਾਂ ਦੀ ਘਟਨਾ ਵਿਭਾਗ ਦੇ ਧਿਆਨ ਵਿੱਚ ਲਿਆਉਣ ਲਈ ਆਖਿਆ। ਵਿਭਾਗ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸੇ ਸਬੰਧ ਵਿੱਚ ਵਿਭਾਗ ਨੇ ਈਮੇਲ qccpunjab2019@gmail.com ਵੀ ਸਥਾਪਤ ਕੀਤੀ ਹੈ ਜਿੱਥੇ ਸ਼ਿਕਾਇਤਾਂ ਭੇਜੀਆਂ ਜਾ ਸਕਦੀਆਂ ਹਨ ਤਾਂ ਕਿ ਉਨਾਂ ਦਾ ਫੌਰੀ ਨਿਪਟਾਰਾ ਕੀਤਾ ਜਾ ਸਕੇ। ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ‘ਤੰਦਰੁਸਤ ਮਿਸ਼ਨ’ ਦੇ ਡਾਇਰੈਕਟਰ ਕੇ.ਐਸ. ਪੰਨੂੰ ਨੇ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲੇ ਗੈਰ-ਲਾਇਸੰਸਸ਼ੁਦਾ ਅਤੇ ਅਣਅਧਿਕਾਰਤ ਡੀਲਰ ਬਾਰੇ ਉਪਰੋਕਤ ਮੋਬਾਈਲ ਨੰਬਰ ਜਾਂ ਈ-ਮੇਲ ’ਤੇ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।