ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਘੱਲ ਕਲਾਂ ਪਿੰਡ ਵਿੱਚ ਵਿਧਾਇਕ ਡਾ. ਹਰਜੋਤ ਕਮਲ ਨੇ 17 ਪਿੰਡਾਂ ਨੂੰ ਵੰਡੇ ਪੌਦੇ

ਮੋਗਾ 15  ਜੁਲਾਈ (ਜਸ਼ਨ): ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਪਿੰਡ ਗੁਰੂ ਨਾਨਕ ਬਗੀਚੀਆਂ ਬਣਾਉਣ ਦੀ ਇਸ ਮੁਹਿੰਮ ਤਹਿਤ ਅੱਜ ਹਲਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਸਿੰਘ ਨੇ ਮੋਗਾ ਹਲਕੇ ਦੇ ਪਿੰਡ ਘੱਲਕਲਾਂ ਵਿਖੇ ਜੰਗਲਾਤ ਵਿਭਾਗ ਵੱਲੋ ਕਰਵਾਏ ਗਏ ਸਮਾਗਮ ਦੌਰਾਨ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਬੂਟਿਆਂ ਦੀ ਵੰਡ ਕੀਤੀ ਅਤੇ ਉਨਾਂ ਵੱਲੋ  ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਦੇ ਲੋਕਾਂ ਨੂੰ ਇਨਾਂ ਲਗਾਉਣ ਵਾਲੇ ਬੂਟਿਆਂ ਦੀ ਦੇਖ-ਭਾਲ ਕਰਨ ਲਈ ਵੀ ਅਪੀਲ ਕੀਤੀ।  ਵਿਧਾਇਕ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜੰਗਲਾਤ ਵਿਭਾਗ ਦੀ ਮੱਦਦ ਨਾਲ ਜ਼ਿਲੇ ਦੇ ਕੁਲ 342 ਪਿੰਡਾਂ ਵਿੱਚ ਲਗਪਗ 15 ਵੱਖ-ਵੱਖ ਕਿਸਮਾਂ ਦੇ 1.88 ਲੱਖ ਪੌਦੇ ਲਾਏ ਜਾਣਗੇ।ਵਿਧਾਇਕ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋ ਸੂਬੇ ਵਿੱਚ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਗਮ ਬੜੀ ਹੀ ਧੂਮ-ਧਾਮ ਨਾਲ ਮਨਾਏ ਜਾ ਰਹੇ ਹਨ ਜਿਸ ਤਹਿਤ ਪੰਜਾਬ ਸਰਕਾਰ ਵੱਲੋ ਹਰ ਪਿੰਡ ਵਿੱਚ 550 ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ  ਜੋ ਕਿ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਪਣੇ ਸੰਬੋਧਨ ਵਿੱਚ ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਵਿਸੇਸ਼ ਮਹੱਤਵ ਹੈ ਰੁੱਖਾਂ ਦੀ ਹਰਿਆਲੀ ਸਾਡੇ ਜੀਵਨ ਵਿੱਚ ਖੁਸ਼ਹਾਲੀ ਲਿਆਉਦੀ ਹੈ। ਉੁਨਾਂ ਕਿਹਾ ਕਿ ਰੁੱਖ ਜਿੱਥੇ ਸਾਨੂੰ ਪ੍ਰਦੂਸ਼ਣ ਰਹਿਤ ਤਰੋਤਾਜ਼ਾ ਹਵਾ ਪ੍ਰਦਾਨ ਕਰਦੇ ਹਨ ਉਥੇ ਹੀ ਇਨਾਂ ਵੱਲੋਂ ਬਖਸ਼ਿਸ਼ ਕੀਤੀ ਆਕਸੀਜਨ ਨਾਲ ਅਸੀ ਸਾਹ ਲੈਦੇ ਹਾਂ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਸਰਕਾਰ ਦੀ ਇਸ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਦੀ ਮੁਹਿੰਮ ਵਿੱਚ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ।   ਇਸ ਬੂਟੇ ਵੰਡ ਸਮਾਗਮ ਦੌਰਾਨ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਅਪੀਲ ਕਰਦਿਆਂ , ਕਾਂਗਰਸ ਦੀ ਸੂਬਾ ਸਕੱਤਰ ਕਮਲਜੀਤ ਕੌਰ ਧੱਲੇਕੇ ਨੇ ਹਲਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਸਿੰਘ ਵੱਲੋਂ ਹਲਕੇ ਨੂੰ ਹਰ ਪੱਖੋਂ ਉੱਤਮ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ