ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਕੇਡਰ ਚੇਤਨਾ ਸਿਖਲਾਈ ਕੈਂਪ 10-11 ਅਗਸਤ ਨੂੰ

ਮੋਗਾ ,14 ਜੁਲਾਈ (ਜਸ਼ਨ): ਅੱਜ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਆਗੂਆਂ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾਈ ਜ.ਸਕੱਤਰ ਬਲਕਾਰ ਵਲਟੋਹਾ ਨੇ ਪਿਛਲੇ ਸਮੇਂ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲੜੇ ਗਏ ਸੰਘਰਸ਼ ਦੌਰਾਨ ਜਥੇਬੰਦੀ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਚਰਚਾ ਕਰਦਿਆਂ ਮੌਜੂਦਾ ਹਲਾਤਾਂ ਦੇ ਸਬੰਧੀ ਰੌਸ਼ਨੀ ਪਾਈ ਅਤੇ ਦੱਸਿਆ ਕਿ 26 ਜੁਲਾਈ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਤੈਅ ਹੋਈ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ਜੀ ਨੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪੇਸ਼ ਕੀਤੇ ਗਏ ਕੌਮੀ ਸਿੱਖਿਆ ਨੀਤੀ ਦੇ ਖਰੜੇ ਦੇ ਵੱਖ-ਵੱਖ ਪਹਿਲੂਆਂ’ਤੇ ਰੌਸਨੀ ਪਾਉਂਦਿਆਂ ਦੱਸਿਆ ਕਿ ਇਹ ਸਿੱਖਿਆ ਨੀਤੀ 1968 ਦੇ ਕੋਠਾਰੀ ਕਮਿਸ਼ਨ, 1986 ਦੀ ਸਿੱਖਿਆ ਨੀਤੀ ਦੇ ਹਾਂ-ਪੱਖੀ ਪਹਿਲੂਆਂ ਨੂੰ ਤਿਲਾਂਜਲੀ ਦੇਣ ਵਾਲਾ ਹੈ। ਇਸ ਨੀਤੀ ਤਹਿਤ ਮੋਦੀ ਸਰਕਾਰ ਸਿੱਖਿਆ ਵਿੱਚ ਭਾਗਵੇਂਕਰਨ ਨੂੰ ਠੋਸਣ, ਨਿੱਜੀਕਰਨ ਨੂੰ ਉਤਸ਼ਾਹਿਤ ਕਰਨ, ਅਤੇ ਸਰਕਾਰੀ ਸਕੂਲਾਂ ਦਾ ਅਸਿੱਧੇ ਢੰਗ ਨਾਲ ਨਿੱਜੀਕਰਨ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਖਰੜੇ ਨੂੰ ਦੇਸ਼ ਦੀਆਂ ਹੋਰ ਖੇਤਰੀ ਭਾਸ਼ਾਵਾਂ ਵਿਚ ਛਪਵਾ ਕੇ ਵੰਡਿਆ ਜਾਣਾ ਚਾਹੀਦਾ ਹੈ ਅਤੇ ਸੁਝਾਅ ਭੇਜਣ ਦੀ ਮਿਤੀ ਵਿਚ ਘੱਟੋ ਘੱਟ ਤਿੰਨ ਮਹੀਨੇ ਦਾ ਵਾਧਾ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਸੂਬਾਈ ਆਗੂ ਪ੍ਰੇਮ ਚਾਵਲਾ, ਲਛਮਣ ਸਿੰਘ ਮਲੂਕਾ, ਪ੍ਰਵੀਨ ਕੁਮਾਰ, ਕਾਰਜ ਸਿੰਘ ਕੈਰੋਂ, ਹਰਦੇਵ ਸਿੰਘ ਭਕਨਾ, ਬਾਜ ਸਿੰਘ ਫਿਰੋਜ਼ਪੁਰ, ਜਸਪਾਲ ਸਿੰਘ ਜਲੰਧਰ, ਮੁਕੇਸ਼ ਕੁਮਾਰ ਮੁਕਤਸਰ, ਭੂਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕੱਚੇ ਕਾਮਿਆਂ ਨੂੰ ਪੂਰੇ ਤਨਖਾਹ ਸਕੇਲਾਂ ਵਿਚ ਪੱਕਾ ਕਰਨਾ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲੈ ਕੇ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਸਾਰੀਆਂ ਕਿਸ਼ਤਾਂ ਤੁਰੰਤ ਜਾਰੀ ਕਰਨਾ, ਡੀ.ਏ. ਦੀਆਂ ਕਿਸ਼ਤਾਂ ਦਾ ਰਹਿੰਦਾ ਬਕਾਇਆ ਤੁਰੰਤ ਦੇਣਾ, ਖਜ਼ਾਨਿਆਂ ਤੇ ਅਣਐਲਾਨੀਆਂ ਲਾਈਆਂ ਗਈਆਂ ਪਾਬੰਦੀਆਂ ਤੁਰੰਤ ਖਤਮ ਕਰਕੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਲਮਕ ਅਵਸਥਾ ਵਿਚ ਪਏ ਬਿੱਲਾਂ ਦਾ ਨਿਪਟਾਰਾ ਕਰਨਾ,ਆਦਿ ਮੰਗਾਂ ਦੀ 17 ਜੁਲਾਈ ਨੂੰ ਪਟਿਆਲਾ ਵਿਖੇ, 18 ਜੁਲਾਈ ਨੂੰ ਜਲੰਧਰ ਵਿਖੇ ਅਤੇ 19 ਜੁਲਾਈ ਨੂੰ ਬਠਿੰਡਾ ਵਿਖੇ ਹੋ ਰਹੀਆਂ ਜ਼ੋਨਲ ਕਨਵੈਨਸ਼ਨਾਂ ਅਤੇ 25 ਜੁਲਾਈ ਨੂੰ ਪਟਿਆਲਾ ਵਿਖੇ ਸੂਬਾਈ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਨਿਰਣਾ ਲਿਆ ਗਿਆ ਹੈ। ਫੈਸਲਾ ਕੀਤਾ ਗਿਆ ਕਿ ਜਥੇਬੰਦੀ ਨਾਲ ਜੁੜੇ ਹੋਏ ਸੂਬਾਈ, ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਰਗਰਮ ਆਗੂਆਂ ਦਾ ‘ਕੇਡਰ ਚੇਤਨਾ’ ਕੈਂਪ 10 ਅਤੇ 11 ਅਗਸਤ 2019 ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਲਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਡਾਲਾ, ਮਨਜੀਤ ਸਿੰਘ ਤੂਰ, ਸ਼ਿੰਦਰਪਾਲ ਸਿੰਘ, ਕੌਰ ਸਿੰਘ, ਬਲਜੀਤ ਸਿੰਘ ਮੋਗਾ, ਮਨੀਸ਼ ਕੁਮਾਰ, ਸੁਦਾਗਰ ਸਰਾਭਾ, ਹਰੀਦੇਵ ਲੁਧਿਆਣਾ, ਛਿੰਦਰਪਾਲ ਸਿੰਘ ਢਿੱਲੋਂ, ਕੁਲਦੀਪ ਸਹਿਦੇਵ ਫਰੀਦਕੋਟ, ਨਰਿੰਦਰ ਨੂਰ ਤਰਨਤਾਰਨ, ਸੁਰਜੀਤ ਸਿੰਘ ਮਲੋਟ, ਹਰਕਮਲ ਸਿੰਘ, ਜਸਪਾਲ ਸਿੰਘ ਸੰਧੂ, ਧਰਮਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਿਹਾ ਕਿ ਵਲੰਟੀਅਰ ਮੁਲਾਜ਼ਮਾਂ ਨੂੰ ਘੱਟੋ-ਘੱਟ ਲੇਬਰ ਲਾਅ ਅਨੁਸਾਰ ਤਨਖਾਹ ਜ਼ਰੂਰ ਦਿੱਤੀ ਜਾਵੇ। ਖਾਲੀ ਪੋਸਟਾਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਡਾਈਟਾਂ ਵਿੱਚ ਸਟਾਫ਼ ਦੀ ਕਮੀ ਪੂਰੀ ਕੀਤੀ ਜਾਵੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


