ਬੂਟੇ ਲਾਉਣ ਅਤੇ ਛੱਪੜ ਦੀ ਸਫ਼ਾਈ ਦੀ ਮੁਹਿੰਮ ਚਲਾਉਣ ਵਾਲੇ ਨੌਜਵਾਨ ਪ੍ਰਸ਼ਾਸ਼ਨ ਦੇ ਵਤੀਰੇ ਤੋਂ ਖਫਾ

ਕੋਟਕਪੂਰਾ, 12 ਜੁਲਾਈ (ਟਿੰਕੂ ਕੁਮਾਰ) :- ਸਥਾਨਕ ਪੁਰਾਣਾ ਸ਼ਹਿਰ ਦੀ ਸੰਘਣੀ ਅਬਾਦੀ ’ਚ ਸਥਿੱਤ ਡੇਰਾ ਫਰਮਾਹਾਂ ਵਾਲੇ ਦੇ ਅਤਿਪ੍ਰਦੂਸ਼ਿਤ ਛੱਪੜ ਦੇ ਆਲੇ-ਦੁਆਲੇ ਬੂਟੇ ਲਾ ਕੇ ਛੱਪੜ ਦੇ ਗੰਦੇ ਪਾਣੀ ਨੂੰ ਬਾਹਰ ਕੱਢ ਕੇ ਸਾਫ-ਸੁਥਰਾ ਬਣਾਉਣ ਦੀ ਮੁਹਿੰਮ ‘ਸੁਸਾਇਟੀ ਫਾਰ ਅਵੇਅਰਨੈੱਸ ਐਂਡ ਵੈਲਫੇਅਰ’ ਦੇ ਉੱਦਮੀ ਨੌਜਵਾਨਾਂ ਵਲੋਂ ਸ਼ੁਰੂ ਕੀਤੀ ਗਈ ਸੀ, ਜਿਸਦੇ ਨਾਲ ਸ਼ਹਿਰ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ ਸੀ ਅਤੇ ਲੋਕਾਂ ਵੱਲੋਂ ਨੌਜਵਾਨਾਂ ਦਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਸੀ, ਜਿਸ ਸਹਿਯੋਗ ਸਦਕਾ ਨੌਜਵਾਨਾਂ ਨੇ ਨਗਰ ਕੌਂਸਲ ਵੱਲੋਂ ਕੂੜਾ ਡੰਪ ਵਜੋਂ ਵਰਤੇ ਜਾਂਦੇ ਉਕਤ ਛੱਪੜ ਦੇ ਆਲੇ-ਦੁਆਲੇ ਦੀ ਸਫਾਈ ਕਰਕੇ ਚੰਗੀ ਮਿੱਟੀ ਪਾ ਕੇ ਬੂਟੇ ਲਾਉਣ ਲਈ ਟਰੀ ਗਾਰਡਾਂ ਅਤੇ ਵੱਡੇ ਬੂਟਿਆਂ ਦਾ ਪ੍ਰਬੰਧ ਵੀ ਕਰ ਲਿਆ ਹੈ ਤਾਂ ਜੋ ਪਸ਼ੂਆਂ ਆਦਿ ਦੀ ਮਾਰ ਤੋਂ ਬਚ ਸਕਣ, ਨੌਜਵਾਨਾਂ ਦੇ ਇਸ ਕਾਰਜ ’ਚ ਪ੍ਰਸ਼ਾਸ਼ਨ ਵਲੋਂ ਸਹਿਯੋਗ ਦੇਣਾ ਤਾਂ ਦੂਰ ਰਿਹਾ, ਸਗੋਂ ਇਸ ਪ੍ਰਜੈਕਟ ’ਚ ਅੜਿੱਕੇ ਡਾਹੇ ਜਾ ਰਹੇ ਹਨ, ਜਿਸ ਤਹਿਤ ਛੱਪੜ ਦੇ ਗੰਦੇ ਪਾਣੀ ਨੂੰ ਸੀਵਰੇਜ ’ਚ ਪਾ ਰਹੇ ਨੌਜਵਾਨਾਂ ਨੂੰ ਨਗਰ ਕੌਂਸਲ ਦੇ 10-12 ਕਰਮਚਾਰੀਆਂ ਵਲੋਂ ਆ ਕੇ ਕੰਮ ਰੋਕਣ ਅਤੇ ਪਰਚਾ ਪਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ, ਸੁਸਾਇਟੀ ਆਗੂਆਂ ਮਿੰਟੂ ਸਿੰਘ ਗਿੱਲ, ਮਨਦੀਪ ਸਿੰਘ ਮੌਂਗਾ, ਵਰਿੰਦਰ ਦਿਉੜਾ, ਮਨਪ੍ਰੀਤ ਸਿੰਘ ਮਨੀ, ਗਗਨਪ੍ਰੀਤ ਸਿੰਘ, ਵਰਿੰਦਰਜੀਤ ਸਿੰਘ ਪੁਰੀ ਅਤੇ ਯਾਦਵਿੰਦਰ ਸਿੰਘ ਯਾਦੂ ਆਦਿ ਨੇ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸਡੀਐਮ ਦੀ ਗੈਰ ਹਾਜਰੀ ਕਰਕੇ ਤਹਿਸੀਲਦਾਰ ਸੁਖਰਾਜ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੋਂਪਦਿਆਂ ਕਿਹਾ ਕਿ ਬੜੀ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸ਼ਨ ਵਲੋਂ ਨਾ ਤਾਂ ਛੱਪੜ ਨੂੰ ਕੂੜਾ ਡੰਪ ਬਣਾਉਣ ਤੋਂ ਰੋਕਿਆ ਗਿਆ, ਨਾ  ਛੱਪੜ ’ਚ ਪਸ਼ੂਆਂ ਦੀ ਗੰਦਗੀ ਸੁੱਟਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਇਸ ਸਭ ਦੇ ਉਲਟ ਸਫਾਈ ਅਭਿਆਨ ਚਲਾ ਕੇ ਬੂਟੇ ਲਾਉਣ ਅਤੇ ਪ੍ਰਦੂਸ਼ਿਤ ਪਾਣੀ ਨੂੰ ਸੀਵਰੇਜ ’ਚ ਸੁੱਟ ਕੇ ਛੱਪੜ ਨੂੰ ਸਾਫ-ਸੁਥਰਾ ਬਣਾਉਣ ਦੀ ਮੁਹਿੰਮ ’ਚ ਲੱਗੇ ਨੌਜਵਾਨਾਂ ਦੇ ਕੰਮ ’ਚ ਅੜਿੱਕੇ ਡਾਹੇ ਜਾ ਰਹੇ ਹਨ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਕੰਮ ’ਚ ਅੜਿੱਕਾ ਡਾਹੁਣ ਦੀ ਸੂਰਤ ’ਚ ਐਸ.ਡੀ.ਐੱਮ. ਦਫਤਰ ਅੱਗੇ ਧਰਨਾ, ਰੋਸ ਪ੍ਰਦਰਸ਼ਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।