ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਵਿਧਾਇਕਾਂ ਦੀ ਪੈਨਸ਼ਨ ਅਤੇ ਹੋਰ ਭੱਤਿਆਂ ਤੇ ਉਠਾਏ ਸਵਾਲ

ਮੋਗਾ,11 ਜੁਲਾਈ (ਜਸ਼ਨ): ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਕਾ. ਸਤੀਸ਼ ਲੂੰਬਾ ਹਾਲ ਮੋਗਾ ਵਿਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕੀਤੀ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਬਾਰੇ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਗੱਲਬਾਤ ਅਤੇ ਮੀਟਿੰਗਾਂ ਦੇ ਬਹਾਨੇ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ। ਪੇ-ਕਮਿਸ਼ਨ ਬਾਰੇ ਵੀ ਅਜੇ ਕੋਈ ਲੜ ਸਿਰਾ ਨਹੀਂ ਹੈ ਜਿਸ ਦੀ ਮਨਿਆਦ ਹੋਰ ਵਧਾਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਵਿਧਾਇਕ, ਸਾਂਸਦ, ਅਤੇ ਅਫ਼ਸਰਸ਼ਾਹੀ ਮਿਲ ਕੇ ਖਜ਼ਾਨੇ ਨੂੰ ਲੁੱਟਣ ਤੇ ਲੱਗੇ ਹੋਏ ਹਨ। ਅਫ਼ਸਰਾਂ ਨੂੰ ਤਾਂ ਡੀ.ਏ. ਨਾਲ ਦੀ ਨਾਲ ਦਿੱਤਾ ਜਾ ਰਿਹਾ ਹੈ ਜਦਕਿ ਆਮ ਮੁਲਾਜ਼ਮਾਂ ਨੂੰ ਜਵਾਬ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਪੇ-ਕਮਿਸ਼ਨਾਂ ਵਿਚ ਵੀ ਅਫ਼ਸਰਾਂ ਨੂੰ ਗੱਫੇ ਦਿੱਤੇ ਗਏ ਹਨ ਜਦਕਿ ਛੋਟੇ ਮੁਲਾਜ਼ਮਾਂ ਨੂੰ ਚੂਣ ਭੂਣ ਦੇ ਕੇ ਸਾਰਿਆ ਗਿਆ ਹੈ। ਇਸ ਮੀਟਿੰਗ ਵਿਚ ਵੱਖਰੀ ਗੱਲ ਇਹ ਹੋਈ ਕਿ ਬਹੁਤੇ ਬੁਲਾਰਿਆਂ ਨੇ ਚੁਣੇ ਹੋਏ ਵਿਧਾਇਕਾਂ ਅਤੇ ਸ਼ਾਂਸਦਾਂ ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਕਿ ਇਹ ਹੀ ਸਾਰੇ ਮਸਲਿਆਂ ਦੀ ਜੜ੍ਹ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਆਪਣਾ ਕੰਮ ਤਾਂ ਕਰ ਨਹੀਂ ਰਹੇ ਸਗੋਂ ਮੋਟੀਆਂ ਤਨਖਾਹਾਂ ਅਤੇ ਭੱਤੇ ਲੈ ਰਹੇ ਹਨ। ਵਿਧਾਨ ਸਭਾ ਜਾਂ ਲੋਕ ਸਭਾ ਦੇ ਸੈਸ਼ਨ ਵਿਚ ਸੌਂ ਕੇ ਜਾਂ ਰੌਲਾ ਰੱਪਾ ਪਾ ਕੇ ਟਾਈਮ ਟਪਾ ਰਹੇ ਹਨ। ਜੋ ਇਕ ਵਾਰ ਵਿਧਾਇਕ ਬਣ ਜਾਂਦਾ ਹੈ ਉਹ ਆਪਣੀਆਂ ਕਈ ਪੀੜ੍ਹੀਆਂ ਦੀ ਰੋਟੀ ਬਣਾ ਜਾਂਦਾ ਹੈ। ਇਨ੍ਹਾਂ ਦੀ ਜਾਇਦਾਦ ਦਾ ਲੇਖਾ ਜੋਖਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰਨਾ ਹੁੰਦਾ ਹੈ ਉਹ ਆਪ ਇਸ ਰਸਤੇ ਤੇ ਚੱਲ ਰਹੇ ਹਨ। ਜਿਸ ਕਾਰਨ ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਸੇ ਕਾਰਨ ਹੀ ਆਮ ਮੁਲਾਜ਼ਮਾਂ ਦੀ ਭਰਤੀ ਠੇਕੇ ਤੇ ਕਰਕੇ ਉਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਨਿਗੂਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਵਿਧਾਇਕਾਂ ਅਤੇ ਅਫ਼ਸਰਾਂ ਦੀ ਤਨਖਾਹਾਂ ਵਿੱਚ ਕੋਈ ਰੋਕ ਨਹੀਂ ਹੈ। ਇਸ ਮੌਕੇ ਬੋਲਦਿਆਂ ਪ੍ਰਧਾਨ ਜੀ ਨੇ ਦੱਸਿਆ ਕਿ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਮੰਗਾਂ ਲਈ ਪਟਿਆਲਾ ਵਿਖੇ ਜੋ ਰੈਲੀ 17 ਜੁਲਾਈ ਨੂੰ ਕਰਨੀ ਸੀ ਉਹ ਹੁਣ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਵੱਲੋਂ 25 ਜੁਲਾਈ ਨੂੰ ਕੀਤੀ ਜਾਵੇਗੀ। ਜਿਸ ਵਿਚ ਪੈਨਸ਼ਨਰਜ਼ ਵੱਡੀ ਗਿਣਤੀ ਵਿਚ ਪੁੱਜਣਗੇ। ਇਸ ਮੌਕੇ ਬੋਲਦਿਆਂ ਭੂਪਿੰਦਰ ਸਿੰਘ ਸੇਖੋਂ ਜ.ਸਕੱਤਰ ਨੇ ਕਿਹਾ ਕਿ ਵਿਧਾਇਕਾਂ ਅਤੇ ਸਾਂਸਦਾਂ ਤੇ ਵੀ ਮੁਲਾਜ਼ਮ ਸਰਵਿਸ ਰੂਲਜ਼ ਲਾਗੂ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਕੀਤੇ ਕੰਮਾਂ, ਵਿਧਾਨ ਸਭਾ/ ਲੋਕ ਸਭਾ ਵਿਚ ਉਠਾਏ ਮਸਲਿਆਂ ਬਾਰੇ ਲੇਖਾ ਜੋਖਾ ਕਰਨ ਦਾ ਅਧਿਕਾਰ ਵੋਟਰਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਦਫ਼ਤਰਾਂ ਵਿਚ ਹਾਜ਼ਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਮਿਲ ਸਕਣ। ਇਸ ਮੀਟਿੰਗ ਵਿੱਚ ਨਛੱਤਰ ਸਿੰਘ ਬੁੱਕਣਵਾਲਾ ਨੂੰ ਉਨ੍ਹਾਂ ਵੱਲੋਂ 75 ਸਾਲ ਦੀ ਉਮਰ ਤੱਕ ਜਥੇਬੰਦੀ ਵਿਚ ਸਰਗਰਮ ਰੋਲ ਨਿਭਾਉਣ ਕਾਰਨ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਇੰਦਰਜੀਤ ਸਿੰਘ ਭਿੰਡਰ, ਬੂਟਾ ਸਿੰਘ ਭੱਟੀ, ਪੋਹਲਾ ਸਿੰਘ ਬਰਾੜ, ਮੱਘਰ ਸਿੰਘ, ਨਿਰੰਜਣ ਸਿੰਘ ਮਾਛੀਕੇ, ਕੁਲਵੰਤ ਸਿੰਘ ਭਲੂਰ, ਭਜਨ ਸਿੰਘ, ਸੱਤਪਾਲ ਸਹਿਗਲ, ਅਜਮੇਰ ਸਿੰਘ ਦੱਦਾਹੂਰ, ਜਗਪਾਲ ਸਿੰਘ, ਆਦਿ ਨੇ ਸੰਬੋਧਨ ਕੀਤਾ।


