ਸਬ-ਡਵੀਜ਼ਨ ਪੱਧਰ ਤੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ 15 ਜੁਲਾਈ ਤੋਂ ਅਤੇ ਜ਼ਿਲਾ ਪੱਧਰੀ ਖੇਡ ਮੁਕਾਬਲੇ 24 ਜੁਲਾਈ ਤੋਂ ਸ਼ੁਰੂ- ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ

ਮੋਗਾ 08 ਜੁਲਾਈ:(ਜਸ਼ਨ) ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ (ਨੈਸ਼ਨਲ ਸਟਾਈਲ) ਦੇ ਸਬ-ਡਵੀਜ਼ਨ ਪੱਧਰ ਤੇ ਖੇਡ ਮੁਕਾਬਲੇ 15 ਜੁਲਾਈ ਤੋਂ ਕਰਵਾਏ ਜਾਣਗੇ । ਇਨਾਂ ਖੇਡ ਮੁਕਾਬਲਿਆਂ ਵਿੱਚ 14 ਸਾਲ, 18 ਸਾਲ ਅਤੇ 25 ਸਾਲ ਤੋਂ ਘੱਟ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ਵਿੱਚ ਮੋਗਾ ਸਬ-ਡਵੀਜ਼ਨ ਦੇ ਮੁਕਾਬਲੇ ਗੁਰੂ ਨਾਨਕ ਕਾਲਜ, ਮੋਗਾ ਵਿਖੇ ਅਤੇ ਧਰਮਕੋਟ ਸਬ-ਡਵੀਜ਼ਨ ਦੇ ਮੁਕਾਬਲੇ ਪਿੰਡ ਲੋਹਾਰਾ ਵਿਖੇ 15 ਅਤੇ 16 ਜੁਲਾਈ ਨੂੰ, ਸਬ-ਡਵੀਜ਼ਨ ਬਾਘਾ ਪੁਰਾਣਾ ਦੇ ਯੁਨੀਕ ਪਬਲਿਕ ਸਕੂਲ, ਸਮਾਲਸਰ ਅਤੇ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ 18 ਅਤੇ 19 ਜੁਲਾਈ ਨੂੰ ਕਰਵਾਏ ਜਾਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਜ) , ਮੋਗਾ ਨੇ ਇਨਾਂ ਖੇਡ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਾਉਣ ਸਬੰਧੀ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ, ਜਿਸ ਵਿੱਚ ਸੁਰੱਖਿਆ, ਖਾਣੇ ਦਾ ਇੰਤਜ਼ਾਮ, ਪੀਣ ਦੇ ਪਾਣੀ ਦਾ ਇੰਤਜ਼ਾਮ, ਸਫਾਈ ਅਤੇ ਮੈਡੀਕਲ ਸਬੰਧੀ ਸਬੰਧਤ ਵਿਭਾਗਾਂ ਨੂੰ ਵਧੀਆ ਢੰਗ ਨਾਲ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਜ਼ਿਲਾ ਸਪੋਰਟਸ ਅਫਸਰ, ਮੋਗਾ ਨੇ ਦੱਸਿਆ ਕਿ ਇਹਨਾਂ ਟੂਰਨਾਮੈਂਟਾਂ ਲਈ ਅੰਡਰ-14 ਖਿਡਾਰੀ/ ਖਿਡਾਰਨਾਂ ਦੀ ਜਨਮ ਮਿਤੀ: 01 ਜਨਵਰੀ 2006 ਜਾਂ ਇਸ ਤੋਂ ਬਾਅਦ, ਅੰਡਰ-18 ਸਾਲ ਦੇ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ: 01 ਜਨਵਰੀ 2002 ਜਾਂ ਇਸ ਤੋਂ ਬਾਅਦ ਅਤੇ ਅੰਡਰ-25 ਸਾਲ ਦੇ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ: 01 ਜਨਵਰੀ 1995 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।  ਜ਼ਿਲਾ ਪੱਧਰ ਦੇ ਖੇਡ ਮੁਕਾਬਲੇ ਅੰਡਰ-14 ਸਾਲ ਲੜਕੇ/ਲੜਕੀਆਂ ਮਿਤੀ 24-25 ਜੁਲਾਈ, ਅੰਡਰ-18 ਸਾਲ ਲੜਕੇ/ਲੜਕੀਆਂ ਮਿਤੀ: 07-08 ਅਗਸਤ 2019 ਅਤੇ ਅੰਡਰ-25 ਸਾਲ ਲੜਕੇ/ਲੜਕੀਆਂ ਮਿਤੀ 19-20 ਅਗਸਤ, 2019 ਨੂੰ ਭੁਪਿੰਦਰਾ ਖਾਲਸਾ ਸੀ.ਸੈ. ਸਕੂਲ, ਮੋਗਾ ਵਿਖੇ ਕਰਵਾਏ ਜਾਣਗੇ। ਇਨਾਂ ਖੇਡ ਮੁਕਾਬਲਿਆਂ ਵਿੱਚ ਐਥਲੈਟਿਕਸ, ਫੁੱਟਬਾਲ, ਬਾਸਕਟਬਾਲ, ਕਬੱਡੀ (ਨੈਸ਼ਨਲ ਸਟਾਈਲ), ਵਾਲੀਬਾਲ, ਖੋ-ਖੋ, ਹੈਂਡਬਾਲ, ਬਾਕਸਿੰਗ, ਬੈਡਮਿੰਟਨ, ਜੂਡੋ , ਕੁਸ਼ਤੀ, ਰੋਲਰ ਸਕੇਟਿੰਗ, ਹਾਕੀ ਅਤੇ ਚੈੱਸ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਲੇ ਦੇ ਸਾਰੇ ਪਿੰਡਾਂ, ਕਲੱਬਾਂ , ਯੂਥ ਕਲੱਬਾਂ, ਪੰਚਾਇਤਾਂ, ਸਿੱਖਿਆ ਸੰਸਥਾਵਾਂ ਅਤੇ ਅਕੈਡਮੀ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈ ਸਕਦੀਆਂ ਹਨ ਅਤੇ ਚਾਹਵਾਨ ਟੀਮਾਂ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਸਿੱਧੇ ਤੌਰ ਤੇ ਆਪਣੀ ਰਜਿਸ਼ਟਰੇਸ਼ਨ ਜ਼ਿਲਾ ਖੇਡ ਅਫਸਰ, ਮੋਗਾ ਦੀ ਈ-ਮੇਲ ਆਈ.ਡੀ dso.moga11@gmail.com ਤੇ ਕਰਵਾ ਸਕਦੇ ਹਨ, ਵਿਅਕਤੀਗਤ ਖੇਡਾਂ ਵਿੱਚ ਖਿਡਾਰੀ ਆਪਣੇ ਈਵੈਂਟ ਵਿੱਚ ਆਪਣੀ ਰਜਿਸਟਰੇਸ਼ਨ ਜ਼ਿਲਾ ਖੇਡ ਅਫਸਰ ਦੀ ਈ-ਮੇਲ ਆਈ.ਡੀ ਤੇ ਜਾਂ ਮੌਕੇ ਤੇ ਵੀ ਕਰਵਾ ਸਕਦੇ ਹਨ ਅਤੇ ਹਰੇਕ ਖਿਡਾਰੀ ਜਨਮ ਮਿਤੀ ਦਾ ਸਬੂਤ ਨਾਲ ਲੈ ਕੇ ਆਵੇਗਾ। ਇਸ ਮੌਕੇ ਉਨਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ  ਪੰਜਾਬ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਫਰੈਸ਼ਮੈਂਟ ਦਿੱਤਾ ਜਾਵੇਗਾ ਅਤੇ ਹਰੇਕ ਸਬ-ਡਵੀਜ਼ਨ ਤੋਂ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਜ਼ਿਲਾ ਪੱਧਰ ਦੇ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ। ਇਸ ਮੌਕੇ ਤੇ ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐੱਮ., ਧਰਮਕੋਟ, ਡਾ. ਮਨਦੀਪ ਕੋਰ ਐੱਸ.ਡੀ.ਐੱਮ. ਨਿਹਾਲ ਸਿੰਘ ਵਾਲਾ, ਡਾ. ਜਸਵੰਤ ਸਿੰਘ ਵਧੀਕ ਸਿਵਲ ਸਰਜਨ, ਜਸਵਿੰਦਰ ਸਿੰਘ ਡੀ.ਐੱਮ. ਓ. , ਸਹਾਇਕ ਜ਼ਿਲਾ ਸਿੱਖਿਆ ਅਫਸਰ ਸ਼੍ਰੀ ਇੰਦਰਪਾਲ ਸਿੰਘ, ਵਿਜੈ ਕੌਸਿਕ ਰਿਟਾਇਰਡ ਹਾਕੀ ਕੋਚ, ਕੁਲਵੰਤ ਸਿੰਘ ਪੰਨੂ, ਮਨੀਸ਼ ਕੁਮਾਰ ਸਕੱਤਰ ਰੋਲਰ ਸਕੇਟਿੰਗ, ਪੰਜਾਬ ਮਸੀਹ ਸਕੱਤਰ ਬੈਡਮਿੰਟਨ, ਨਵਤੇਜ ਸਿੰਘ ਫੁਟਬਾਲ ਕੋਚ, ਹਰਦੀਪ ਸਿੰਘ ਫੁਟਬਾਲ ਕੋਚ, ਜਗਵੀਰ ਸਿੰਘ ਐਥਲੈਟਿਕ ਕੋਚ, ਤਰਨਜੀਤ ਕੌਰ, ਵਿਨੋਦ ਸ਼ਰਮਾ ਸਕੱਤਰ ਚੈੱਸ,  ਪੰਕਜ ਖੁਰਾਣਾ ਸੀਨੀਅਰ ਸਹਾਇਕ, ਰਾਜ ਕੁਮਾਰ ਆਦਿ ਹਾਜਰ ਸਨ।