ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਣੀ ਬਚਾਓ ਮੁਹਿੰਮ ਚਲਾਉਣ ਦਾ ਸੱਦਾ ਪੰਜਾਬ ਲਈ ਵਰਦਾਨ ਸਿੱਧ ਹੋਵੇਗਾ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,4 ਜੁਲਾਈ (ਜਸ਼ਨ): ‘‘ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਦੇਸ਼ਵਾਸੀਆਂ ਨੂੰ ‘ਮਨ ਕੀ  ਬਾਤ’ ਰਾਹੀਂ ਪਾਣੀ ਨੂੰ ਬਚਾਉਣ ਲਈ ਵਿਆਪਕ ਅੰਦੋਲਨ ਸ਼ੁਰੂ ਕਰਨ ਦਾ ਸੁਨੇਹਾ ਦਿੱਤਾ ਅਤੇ ਇਸ ਤੋਂ ਪਹਿਲਾਂ ਸ਼੍ਰੀ ਮੋਦੀ ਵੱਲੋਂ ਭਾਰਤ ਦੀਆਂ ਸਾਰੀਆਂ ਪੰਚਾਇਤਾਂ ਨੂੰ ਬਰਸਾਤ ਤੋਂ ਪਹਿਲਾਂ ਪਹਿਲਾਂ ਆਪਣੇ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਉਪਰੰਤ ਉਸ ਦੀ ਸੁਚੱਜੀ ਵਰਤੋਂ ਕਰਨ ਲਈ ਜਾਰੀ ਕੀਤੀ ਚਿੱਠੀ ’ਤੇ ਜੇਕਰ ਸਮੂਹ ਪੰਚਾਇਤਾਂ ਸੰਜੀਦਗੀ ਨਾਲ ਕੰਮ ਕਰਨ ਤਾਂ ਜ਼ਮੀਨ ਹੇਠਾਂ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ। ਭੰਗੇਰੀਆਂ ਨੇ ਆਖਿਆ ਕਿ ਅਸੀਂ ਖੁਸ਼ਕਿਮਸਮਤ ਹਾਂ ਕਿ ਸਾਡੇ ਦੇਸ਼ ਨੂੰ ਅਜਿਹੇ ਪ੍ਰਧਾਨ ਮੰਤਰੀ ਮਿਲੇ ਹਨ ਜੋ ਜ਼ਮੀਨੀ ਹਕੀਕਤਾਂ ਦੀ ਸਚਾਈ ਨੂੰ ਸਮਝਦਿਆਂ ਆਪਣੇ ਦੇਸ਼ਵਾਸੀਆਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਢੰਗ ਤਰੀਕਿਆਂ ਤੋਂ ਜਾਣੂੰ ਕਰਵਾ ਰਹੇ ਹਨ । ਸਰਪੰਚ ਨਿਹਾਲ ਸਿੰਘ  ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਨੂੰ ਵੀ ਜਨ ਅੰਦੋਲਨ ਦਾ ਰੂਪ ਦਿੱਤਾ ਜਿਸ ਸਦਕਾ ਸਕੂਲਾਂ ,ਕਾਲਜਾਂ ,ਦਫਤਰਾਂ ,ਬਜ਼ਾਰਾਂ ਅਤੇ ਪਿੰਡ ਪਿੰਡ ਸਵੱਛਤਾ ਅਭਿਆਨ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਕੇ ਉੱਭਰਿਆ।  ਉਸੇ ਤਰਾਂ ਇਸ ਵਾਰ ਵੀ ਸ਼੍ਰੀ ਮੋਦੀ ਵੱਲੋਂ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਲੈਵਲ ਨੂੰ ਵਧਾਉਣ ਲਈ ‘ਪਾਣੀ ਬਚਾਓ’ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਹੈ ਜੋ ਪੰਜਾਬ ਲਈ ਵਰਦਾਨ ਸਿੱਧ ਹੋਵੇਗਾ।