ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ
ਚੰਡੀਗੜ੍ਹ, 2 ਜੁਲਾਈ (ਸੁਰਜੀਤ ਸਿੰਘ ਕਾਉਂਕੇ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਸਿਹਤ ਵਡੇਰੀ ਉਮਰ ਕਾਰਨ ਨਾਸਾਜ਼ ਚੱਲ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਤੌਰ 'ਤੇ ਸ੍ਰੀ ਕੰਵਲ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਇਮਦਾਦ ਸੌਂਪਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਖਿਆ ਕਿ ਸ੍ਰੀ ਕੰਵਲ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ 100 ਵਰ੍ਹਿਆਂ ਦੀ ਉਮਰ ਪਾਰ ਕਰ ਚੁੱਕੇ ਸ੍ਰੀ ਕੰਵਲ ਨੇ ਕਈ ਨਾਵਲਾਂ ਸਮੇਤ ਲਗਪਗ 100 ਕਿਤਾਬਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ। ਸ੍ਰੀ ਕੰਵਲ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਮਵਰ ਪੰਜਾਬੀ ਲੇਖਕ ਨੇ ਆਪਣਾ ਸਮੁੱਚਾ ਜੀਵਨ ਪੰਜਾਬ ਮਾਂ ਬੋਲੀ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਕੰਵਲ ਦੀਆਂ ਲਿਖਤਾਂ ਪੇਂਡੂ ਜੀਵਨ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਧੁਰ ਅੰਦਰਲੀ ਤਸਵੀਰ ਪੇਸ਼ ਕਰਦੀਆਂ ਹਨ।ਮੁੱਖ ਮੰਤਰੀ ਦੇ ਇਸ ਐਲਾਨ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਤੁਸ਼ਟਂੀ ਜ਼ਾਹਰ ਕਰਦਿਆਂ ਆਖਿਆ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਇਸ ਫੈਸਲੇ ਦੀ ਉਹ ਸਰਾਹਨਾ ਕਰਦੇ ਹਨ ਕਿਉਂਕਿ ਜਸਵੰਤ ਕੰਵਲ ਦੇ ਇਲਾਜ ਲਈ ਇਸ ਵੇਲੇ ਅਜਿਹੇ ਯਤਨਾਂ ਦੀ ਸਖਤ ਜ਼ਰੂਰਤ ਸੀ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਵਿਧਾਇਕ ਡਾ: ਹਰਜੋਤ ਕਮਲ ,ਜਸਵੰਤ ਕੰਵਲ ਦੀ ਮਿਜਾਜ਼ਪੁਰਸ਼ੀ ਲਈ, ਉਹਨਾਂ ਦੇ ਪਿੰਡ ਪਹੁੰਚੇ ਸਨ ਅਤੇ ਉਹਨਾਂ ਦੀ ਨਾਜ਼ੁਕ ਸਥਿਤੀ ਬਾਰੇ ਅੱਜ ਸਵੇਰੇ ਹੀ, ਡਾ: ਹਰਜੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ ,ਜਿਸ ’ਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਵਿੱਤੀ ਸਹਾਇਤਾ ਅਤੇ ਮੈਡੀਕਲ ਸਹੂਲਤ ਦੇਣ ਦੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ