ਲੁਧਿਆਣਾ ਸਾਈਕਲ ਵੈਲੀ ’ਚ ਹੀਰੋ ਸਾਈਕਲਜ਼ ਨਾਲ ਚੀਨ ਦੇ ਫੂਸ਼ੀਦਾ ਗਰੁੱਪ ਵੱਲੋਂ ਭਾਈਵਾਲੀ ਕਰਨ ਨਾਲ ਉਦਯੋਗਿਕ ਪ੍ਰੋਗਰਾਮ ਨੂੰ ਮਿਲਿਆ ਹੁਲਾਰਾ,ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਈਕਲ ਵੈਲੀ ਪ੍ਰੋਜੈਕਟ ’ਚ ਫੂਸ਼ੀਦਾ ਨੂੰ ਹਰ ਸਮਰਥਨ ਦੇਣ ਦਾ ਭਰੋਸਾ
ਚੰਡੀਗੜ੍ਹ, 26 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਚੀਨ ਦੇ ਫੂਸ਼ੀਦਾ ਗਰੁੱਪ ਨੇ ਹੀਰੋ ਸਾਈਕਲਜ਼ ਦੇ ਨਾਲ ਭਾਈਵਾਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਲੁਧਿਆਣਾ ਦੀ ਅਤਿ-ਅਧੂਨਿਕ ਸਾਈਕਲ ਵੈਲੀ ਵਿੱਚ ਹੀਰੋ ਸਾਈਕਲਜ਼ ਦੇ 210 ਕਰੋੜ ਰੁਪਏ ਦੇ ਸਾਈਕਲ ਉਤਪਾਦਨ ਪ੍ਰੋਜੈਕਟ ਵਿੱਚ ਇਸ ਭਾਈਵਾਲੀ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਪ੍ਰੋਗਰਾਮ ਨੂੰ ਅੱਗੇ ਹੋਰ ਮਜ਼ਬੂਤ ਬਣਾਉਣ ਲਈ ਰਾਹ ਪੱਧਰਾ ਹੋ ਗਿਆ ਹੈ।
ਇਸ ਦੀ ਜਾਣਕਾਰੀ ਬੁੱਧਵਾਰ ਨੂੰ ਫੂਸ਼ੀਦਾ ਦੇ ਚੇਅਰਮੈਨ ਜਿਆਨ ਸ਼ੇਂਗ ਜ਼ਿਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੀਟਿੰਗ ਦੌਰਾਨ ਦਿੱਤੀ। ਹੀਰੋ ਸਾਈਕਲਜ਼ ਗਰੁੱਪ ਦੇ ਚੇਅਰਮੈਨ ਪੰਕਜ ਮੁੰਜਾਲ ਅਤੇ ਸਲਾਹਕਾਰ ਜਗਦੀਸ਼ ਖੱਟੜ ਵੀ ਫੂਸ਼ੀਦਾ ਦੇ ਵਫ਼ਦ ਨਾਲ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਹੀਰੋ ਸਾਈਕਲਜ਼ ਪ੍ਰੋਜੈਕਟ ਦਾ ਉਤਪਾਦਨ ਸ਼ੁਰੂ ਕਰਨ ਦੇ ਵਾਸਤੇ ਅਪ੍ਰੈਲ, 2022 ਦੀ ਸਮਾਂ ਨਿਰਧਾਰਤ ਕੀਤਾ ਗਿਆ ਸੀ ਜੋ ਹੁਣ ਅਕਤੂਬਰ, 2020 ਤੋਂ ਸ਼ੁਰੂ ਹੋ ਜਾਵੇਗਾ। ਅਜਿਹਾ ਇਨਵੈਸਟ ਪੰਜਾਬ ਵੱਲੋਂ ਸੂਬਾ ਪੱਧਰ ’ਤੇ ਪ੍ਰਵਾਨਗੀਆਂ ਅਤੇ ਰਿਆਇਤਾਂ ਦੀ ਸੁਵਿਧਾ ਪ੍ਰਦਾਨ ਕਰਨ ਦੇ ਕਾਰਨ ਹੋਇਆ ਹੈ।
ਲੁਧਿਆਣਾ ਵਿੱਚ ਅਤਿ-ਆਧੁਨਿਕ ਸਾਈਕਲ ਵੈਲੀ ਕੁਲ 380 ਏਕੜ ਰਕਬੇ ’ਤੇ ਹੋਂਦ ਵਿੱਚ ਆ ਰਹੀ ਹੈ ਅਤੇ ਇਹ ਪ੍ਰੋਜੈਕਟ 100 ਏਕੜ ਰਕਬੇ ’ਤੇ ਫੈਲਿਆ ਹੋਇਆ ਹੈ। ਇਸਦੀ 1000 ਵਿਅਕਤੀਆਂ ਨੂੰ ਰੁਜ਼ਗਾਰ ਦੇਣ ਦੀ ਸਮਰਥਾ ਹੈ ਹੀਰੋ ਸਾਈਕਲਜ਼ ਪਲਾਂਟ ਦੀ ਸਲਾਨਾ ਸਮਰਥਾ ਚਾਰ ਮੀਲੀਅਨ ਸਾਈਕਲਜ਼ ਦੇ ਕਰੀਬ ਹੋਵੇਗੀ। ਹੀਰੋ ਸਾਈਕਲਜ਼ ਦੇ ਜਾਪਾਨ ਅਤੇ ਜਰਮਨ ਵਰਗੇ ਦੇਸ਼ਾਂ ਦੀ ਪੈਨਾਸੋਨਿਕ, ਯਾਮਹਾ ਆਦਿ ਅੰਤਰਰਾਸ਼ਟਰੀ ਪੱਧਰ ਦੀਆਂ ਫਰਮਾਂ ਤੋਂ ਨਿਵੇਸ਼ ਅਤੇ ਭਾਈਵਾਲੀ ਦਾ ਵੀ ਭਰੋਸਾ ਪ੍ਰਾਪਤ ਕੀਤਾ ਹੈ।
ਚੀਨ ਦਾ ਇਹ ਗਰੁੱਪ ਵਿਸ਼ਵ ਦਾ ਸਭ ਤੋਂ ਵੱਡਾ ਗਰੁੱਪ ਹੈ। ਇਹ ਸਭ ਤੋਂ ਵੱਧ ਸੰਗਠਿਤ ਬਾਈਸਾਈਕਲ ਉਤਪਾਦਕ ਹੈ। ਇਹ ਹੀਰੋ ਸਾਈਕਲਜ਼ ਦੇ ਨਾਲ ਪ੍ਰੀਮੀਅਮ ਬਾਈਸਾਈਕਲ ਅਤੇ ਇਲੈਕਟਿ੍ਰਕ ਬਾਈਕ ਦੇ ਉਤਪਾਦਨ ਲਈ ਭਾਈਵਾਲੀ ਕਰੇਗਾ। ਫੂਸ਼ੀਦਾ ਗਰੁੱਪ ਕੋਲ ਆਪਣੀ ਖੋਜ਼ ਅਤੇ ਵਿਕਾਸ ਦੀ ਅਥਾਹ ਸਮਰਥਾ ਹੈ। ਇਸ ਕੋਲ ਸਪਲਾਈ ਚੇਨ, ਉਤਪਾਦਨ ਅਤੇ ਬਾਈਸਾਈਕਲ ਤੇ ਇਲੈਕਟਿ੍ਰਕ ਵਾਹਨਾਂ ਦੀ ਮਾਰਕਟਿੰਗ ਲਈ ਵਿਸ਼ਾਲ ਸਮਰਥਾ ਵੀ ਹੈ। ਫੂਸ਼ੀਦਾ ਦਾ ਹੈੱਡਕੁਆਟਰ ਤਿਆਨਜਿਨ ਵਿਖੇ ਹੈ ਅਤੇ ਇਸ ਦਾ 50 ਤੋਂ ਵੱਧ ਦੇਸ਼ਾਂ ਅਤੇ ਉੱਤਰੀ ਅਮਰੀਕਾ, ਲੈਟਿਨ ਅਮਰੀਕਾ, ਯੂਰੋਪ, ਆਸਟ੍ਰੇਲੀਆ, ਏਸ਼ੀਆ ਆਦਿ ਵਰਗੇ ਖੇਤਰਾਂ ਦੇ ਵਿੱਚ ਆਪਣੀ ਹੋਂਦ ਹੈ। ਇਸ ਵੱਲੋਂ ਹਰ ਸਾਲ ਤਕਰੀਬਨ 18 ਮਿਲੀਅਨ ਸਾਈਕਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਦੌਰੇ ’ਤੇ ਆਏ ਵਫ਼ਦ ਨੂੰ ਆਪਣੀ ਸਰਕਾਰ ਵੱਲੋਂ ਹਰ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਸਾਈਕਲ ਵੈਲੀ ਇਸ ਖੇਤਰ ਵਿੱਚ ਪੂਰੀ ਤਰ੍ਹਾਂ ਪਰਿਵਰਤਨ ਲਿਆ ਦੇਵੇਗੀ ਅਤੇ ਇਹ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਤੇ ਉੱਭਰ ਰਹੇ ਸੈਕਟਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਨਿਵੇਸ਼ਕਾਂ ਨੂੰ ਇਕੋ ਥਾਂ ’ਤੇ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਇਹ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਲਈ ਵਚਨਬੱਧ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ ਵਿੱਚ ਲਾਹੇਵੰਦ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਪੰਜਾਬ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦਾ ਨਿਵੇਸ਼ ਲਈ ਵਧੀਆ ਮਾਹੌਲ ਵੀ ਸੂਬੇ ਦੇ ਆਰਥਿਕ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ।
ਫੂਸ਼ੀਦਾ ਵਫ਼ਦ ਵਿੱਚ ਜੈਂਗ ਲਿਪਿੰਗ ਅਤੇ ਸ਼ੀ ਲਿਮਿੰਗ ਵੀ ਸਨ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਿਨੀ ਮਹਾਜਨ, ਸਲਾਹਕਾਰ ਇਨਵੈਸਟਮੈਂਟ ਪ੍ਰਮੋਸ਼ਨ ਮੇਜਰ ਬੀ.ਐਸ. ਕੋਹਲੀ ਅਤੇ ਐਡੀਸ਼ਨਲ ਸੀ.ਈ.ਓ. ਇਨਵੈਸਟ ਪੰਜਾਬ ਅਭਿਸ਼ੇਕ ਨਾਰੰਗ ਵੀ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ