ਹਾਊਸਿੰਗ ਵਿਭਾਗ ਦੇ ਸ਼ਹਿਰੀ ਯੋਜਨਾਬੰਦੀ ਵਿੰਗ ਵਿੱਚ ਭਰਤੀ ਮੁਹਿੰਮ ਸ਼ੁਰੂ : ਸੁਖਬਿੰਦਰ ਸਿੰਘ ਸਰਕਾਰੀਆ
ਚੰਡੀਗੜ੍ਹ, 25 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਘਰ-ਘਰ ਰੋਜ਼ਗਾਰ ਯੋਜਨਾ ਨੂੰ ਹੁਲਾਰਾ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਪਣੇ ਹਾਊਸਿੰਗ ਵਿੰਗ ਵਿੱਚ ਵੱਖ ਵੱਖ ਅਹੁਦਿਆਂ 'ਤੇ ਭਰਤੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਕਾਰਜ ਕੁਸ਼ਲਤਾ ਵਧਾਉਣ ਲਈ ਇਹ ਭਰਤੀ ਮੁਹਿੰਮ ਬੇਹੱਦ ਜ਼ਰੂਰੀ ਸੀ ਕਿਉਂਕਿ ਪਿਛਲੇ ਕੁੱਝ ਸਾਲਾਂ ਦੌਰਾਨ ਵੱਖ ਵੱਖ ਅਹੁਦਿਆਂ 'ਤੇ ਕੰਮ ਕਰਦੇ ਬਹੁਤ ਸਾਰੇ ਅਧਿਕਾਰੀ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਸ਼ਹਿਰੀ ਯੋਜਨਾਕਾਰ (ਏਟੀਪੀ) ਅਤੇ ਯੋਜਨਾਬੰਦੀ ਅਧਿਕਾਰੀ ਦੇ ਅਹੁਦਿਆਂ ਲਈ ਭਰਤੀ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਵਿਕਾਸ ਵਿੱਚ ਯੋਜਨਾਬੰਦੀ ਦੀ ਮਹੱਤਤਾ ਨੂੰ ਦੇਖਦਿਆਂ ਇਨ੍ਹਾਂ ਅਹੁਦਿਆਂ ਨੂੰ ਭਰਨਾ ਬੇਹੱਦ ਜ਼ਰੂਰੀ ਸੀ ਅਤੇ ਇਹ ਭਰਤੀ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪ੍ਰਵਾਨਗੀ ਲੈਣ ਬਾਅਦ ਸ਼ੁਰੂ ਕੀਤੀ ਗਈ ਹੈ।ਸ੍ਰੀ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਚੁਣੇ ਗਏ 12 ਸਹਾਇਕ ਸ਼ਹਿਰੀ ਯੋਜਨਾਕਾਰਾਂ ਦੀ ਇਕ ਸੂਚੀ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। 13 ਸਹਾਇਕ ਸ਼ਹਿਰੀ ਯੋਜਨਾਕਾਰਾਂ ਦਾ ਅਗਲਾ ਬੈਚ, ਜਿਸ ਦੀ ਇੰਟਰਵਿਊ ਪ੍ਰਕਿਰਿਆ ਸਮਾਪਤ ਹੋ ਚੁੱਕੀ ਹੈ, ਜਲਦੀ ਵਿਭਾਗ ਵਿੱਚ ਜੁਆਇਨ ਕਰਨਗੇ। ਇਸ ਤੋਂ ਇਲਾਵਾ ਚੁਣੇ ਗਏ 32 ਯੋਜਨਾਬੰਦੀ ਅਧਿਕਾਰੀਆਂ ਦੀ ਸੂਚੀ ਵੀ ਵਿਭਾਗ ਨੂੰ ਪ੍ਰਾਪਤ ਹੋਈ ਹੈ, ਜਿਨ੍ਹਾਂ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਜਲਦ ਹੀ ਇਹ ਅਧਿਕਾਰੀ ਵੀ ਜੁਆਇਨ ਕਰ ਲੈਣਗੇ। ਉਨ੍ਹਾਂ ਕਿਹਾ ਕਿ ਜਦੋਂ ਇਹ ਅਧਿਕਾਰੀ ਅਹੁਦੇ ਸੰਭਾਲ ਲੈਣਗੇ ਤਾਂ ਵਿਭਾਗ ਦੇ ਕੰਮ ਕਾਜ ਵਿੱਚ ਹੋਰ ਤੇਜ਼ੀ ਆਵੇਗੀ ਅਤੇ ਆਮ ਲੋਕਾਂ ਨੂੰ ਵੱਖ ਵੱਖ ਸੇਵਾਵਾਂ ਦਾ ਲਾਭ ਲੈਣ ਵਿੱਚ ਸੁਵਿਧਾ ਹੋਵੇਗੀ। ਸ੍ਰੀ ਸਰਕਾਰੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਘਰ ਘਰ ਰੋਜ਼ਗਾਰ ਦੇਣ ਦੀ ਵਚਨਬੱਧਤਾ ਪ੍ਰਤੀ ਤੇਜ਼ੀ ਨਾਲ ਕੰਮ ਕਰ ਰਹੀ ਹੈ।ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਦੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਇਹ ਭਰਤੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਗਿਣਤੀ ਵਧਣ ਨਾਲ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ ਵੱਖ ਸੇਵਾਵਾਂ ਹੁਣ ਹੋਰ ਬਿਹਤਰ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ