ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ 5ਵਾਂ ਅੰਤਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

ਬਾਘਾਪੁਰਾਣਾ,21 ਜੂਨ (ਜਸ਼ਨ): 5ਵੇਂ ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਗੁਰੂ ਤੇਗ ਬਹਾਦਰ ਗੜ੍ਹ (ਮੋਗਾ) ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੇ ਉਦਘਾਟਨੀ ਸਮਾਰੋਹ ਸਮੇਂ ਸੰਸਥਾ ਦੇ ਡਾਇਰੈਕਟਰ ਅਤੇ ਇਸ ਪ੍ਰੋਗਰਾਮ ਦੇ ਚੀਫ਼ ਕੋਆਰਡੀਨੇਟਰ ਡਾ. ਅਮਿਤ ਕੁਮਾਰ ਮਨੋਚਾ ਨੇ ਯੋਗਾ ਨੂੰ ਹਰ ਰੋਜ਼ ਕਰਨ ਦੇ ਫਾਇਦਿਆਂ ਤੇ ਚਾਨਣਾ ਪਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਿੰਦਗੀ ਦੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਯੋਗ ਵਿੱਚ ਲਗਾਉਣਾ ਚਾਹੀਦਾ ਹੈ,ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਯੋਗਾ ਦਿਵਸ ‘ਤੇ ਯੋਗਾ ਅਭਿਆਸ ਤੇ ਕਿਰਿਆਵਾਂ ਕਰਵਾਉਣ ਲਈ ਯੋਗਾ ਟਰੇਨਰ ਅਰਸ਼ਦੀਪ ਸਿੰਘ ਸੰਸਥਾ ਵਿਖੇ ਪਹੁੰਚੇ। ਅਰਸ਼ਦੀਪ ਸਿੰਘ ਨੇ ਯੋਗ ਤੇ ਕਿਰਿਆਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਯੋਗ ਹਰ ਵਰਗ ਦੇ ਵਿਅਕਤੀ ਨੂੰ ਚਾਹੇ ਉਹ ਅਮੀਰ ਹੈ ਜਾਂ ਗਰੀਬ, ਸਭ ਲਈ ਲੋੜੀਂਦਾ ਹੈ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਸਮੂਹ ਫਕੈਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਯੋਗ ਅਭਿਆਸ ਅਤੇ ਕਿਰਿਆਵਾਂ ਕੀਤੀਆ। ਇਸ ਮੌਕੇ ਤੇ ਸੰਸਥਾ ਦੇ ਸਹਾਇਕ ਰਜਿਸਟਰਾਰ ਇੰਜ. ਰਾਕੇਸ਼ ਕੁਮਾਰ, ਪ੍ਰੋਗਰਾਮ ਕੋਆਰਡੀਨੇਟਰ ਇੰਜ. ਗੁਰਭੇਜ ਸਿੰਘ, ਐੱਨ ਐੱਸ ਐੱਸ ਇੰਚਾਰਜ ਇੰਜ. ਕੁਲਬੀਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ ਹਾਜ਼ਿਰ ਸਨ। ਸੰਸਥਾ ਵੱਲੋਂ ਇਸ ਕਾਰਜ ਦਾ ਅਯੋਜਨ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਮੋਹਨਪਾਲ ਸਿੰਘ ਈਸ਼ਰ, ਰਜਿਸਟਰਾਰ ਡਾ. ਅਸ਼ੀਸ਼ ਬਾਲਦੀ ਨੇ ਹੱਲਾਸ਼ੇਰੀ ਦਿੰਦਿਆ , ਭਵਿੱਖ ਵਿੱਚ ਇਸ ਤਰ੍ਹਾਂ ਹੋਰ ਵੀ ਈਵੈਂਟ ਅਯੋਜਿਤ ਕਰਨ ਲਈ ਪ੍ਰੇਰਨਾ ਦਿੱਤੀ।