ਟ੍ਰੈਫਿਕ ਸਮੱਸਿਆ ਦੇ ਹੱਲ ਲਈ ਡਾ. ਹਰਜੋਤ ਕਮਲ ਨੇ ਕੀਤੀ ਟ੍ਰੈਫਿਕ ਇੰਚਾਰਜ ਨਾਲ ਮੀਟਿੰਗ

ਮੋਗਾ, 14 ਜੂਨ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਇੰਚਾਰਜ ਇੰਸਪੈਕਟਰ ਰਾਮ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਤੇ ਹੈਡ ਕਾਂਸਟੇਬਲ ਗੁਰਿੰਦਰ ਸਿੰਘ ਅਤੇ ਕਾਂਸਟੇਬਲ ਗੁਰਭੇਜ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਡਾ. ਹਰਜੋਤ ਕਮਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਹਿਯੋਗ ਕਰਨ ਤਾਂਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਨਾ ਹੋ ਸਕੇ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਕਾਰਾਂ ਬਜ਼ਾਰ ਵਿੱਚ ਬਣੀਆਂ ਪਾਰਕਿੰਗਾਂ ਵਿੱਚ ਹੀ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ, ਜਿਸ ਵਾਸਤੇ ਥਾਣਾ ਸਿਟੀ ਦੇ ਨੇੜੇ, ਪੁਰਾਣਾ ਮਾਲਵਾ ਬੱਸ ਅੱਡਾ, ਪੁਰਾਣੀ ਦਾਣਾ ਮੰਡੀ ਅਤੇ ਸਿਵਲ ਹਸਪਤਾਲ ਵਿੱਚ ਪਾਰਕ ਕਰਨ, ਤਾਂਕਿ ਬਾਜ਼ਾਰ ਵਿੱਚ ਜਾਮ ਨਾ ਲੱਗ ਸਕੇ। ਉਨ੍ਹਾਂ ਰੇਹੜੀਆਂ ਲਗਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਵਾਜਾਈ ਵਿੱਚ ਰੁਕਾਵਟ ਪਾਉਣ ਵਾਲੀ ਜਗ੍ਹਾ ਤੇ ਰੇਹੜੀਆਂ ਨਾ ਲਗਾਉਣ ਅਤੇ ਟ੍ਰੈਫਿਕ ਵਿਵਸਥਾ ਨੂੰ ਹਰ ਹੀਲੇ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਵ੍ਹੀਕਲਾਂ ਨੂੰ ਓਵਰ ਸਪੀਡ ਨਹੀਂ ਚਲਾਉਣਾ ਚਾਹੀਦਾ ਤਾਂਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ ਅਥੇ ਹਮੇਸ਼ਾ ਸੀਟ ਬੈਲਟ ਲਗਾਉਣੀ ਚਾਹੀਦੀ ਹੈ, ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਦੋ ਪਹੀਆਂ ਵ੍ਹੀਕਲ ਵਾਲਿਆਂ ਨੂੰ ਹੈਲਮੇਟ ਜਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਬੱਚਿਆ ਦੇ ਨਜ਼ਾਇਜ਼ ਡਰਾਈਵਿੰਗ ਲਾਈਸੈਸ ਨਹੀਂ ਬਣਵਾਉਣੇ ਚਾਹੀਦੇ, ਬਲਕਿ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਹੋਣ ਤੇ ਹੀ ਡਰਾਈਵਿੰਗ ਲਾਈਸੈਸ ਬਣਵਾਉਣੇ ਚਾਹੀਦੇ ਹਨ ਤਾਂਕਿ ਜਾਣਕਾਰੀ ਦੀ ਘਾਟ ਕਾਰਨ ਕੋਈ ਅਣਹੋਣੀ ਘਟਨਾ ਨਾ ਹੋਵੇ।