ਦਸ਼ਮੇਸ਼ ਪਬਲਿਕ ਸਕੂਲ ਦੀ ਵਿਦਿਆਰਥਣ ਜਸਵੀਰ ਕੌਰ ਨੇ ਪ੍ਰਾਪਤ ਕੀਤਾ ਡਾ. ਅੰਬੇਦਕਰ ਰਾਸ਼ਟਰੀ ਮੈਰਿਟ ਐਵਾਰਡ ,ਡੀ ਸੀ ਸੰਦੀਪ ਹੰਸ ਨੇ 50000 ਰੁਪਏ ਅਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

ਮੋਗਾ,12 ਜੂਨ:(ਜਸ਼ਨ): ਜਸਵੀਰ ਕੌਰ ਨੇ 2017 ਦੀ ਬਾਰਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸ਼ਾਨਦਾਰ ਕਾਰਗੁਜ਼ਾਰੀ ਕਰਕੇ ਡਾ. ਅੰਬੇਦਕਰ ਰਾਸ਼ਟਰੀ ਮੈਰਿਟ ਐਵਾਰਡ ਜਿੱਤਣ ਤੋਂ ਬਾਅਦ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਇਸੇ ਖ਼ਾ ਦੀ ਵਿਦਿਆਰਥਣ ਜਸਵੀਰ ਕੌਰ ਨੇ ਆਪਣੀ 12ਵੀ ਜਮਾਤ ਵਿੱਚੋ 94 ਫੀਸਦੀ ਅੰਕ ਹਾਸਲ ਕੀਤੇ ਸਨ।ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਜ਼ਿਲਾ ਸਿੱਖਿਆ ਅਫਸਰ ਪ੍ਰਦੀਪ ਸ਼ਰਮਾ ਦੀ ਹਾਜ਼ਰੀ ਵਿੱਚ ਬੁੱਧਵਾਰ ਨੂੰ ਜਸਵੀਰ ਕੌਰ ਨੂੰ 50 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਸਵੀਰ ਕੌਰ ਦੇ ਪਿਤਾ ਹਰਦੀਪ ਸਿੰਘ ਅਤੇ ਦਸ਼ਮੇਸ਼ ਪਬਲਿਕ ਸਕੂਲ ਦੇ ਚੇਅਰਮੈਨ ਗੁਰਮੀਕ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਜਸਵੀਰ ਕੌਰ ਨੂੰ ਚੰਗੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਪੜਾਈ ਜਾਰੀ ਰੱਖਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਉਨਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਜਸਪ੍ਰੀਤ ਕੌਰ ਵਾਗੂੰ ਆਪਣੀ ਪੜਾਈ ਵਿਚ ਵਧੀਆ ਪ੍ਰਦਰਸ਼ਨ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਡਾ ਅੰਬੇਦਕਰ ਰਾਸ਼ਟਰੀ ਮੈਰਿਟ ਪੁਰਸਕਾਰ, ਡਾ. ਅੰਬੇਦਕਰ ਫਾਊਂਡੇਸ਼ਨ ਵਲੋਂ ਸਮਾਜਿਕ ਨਿਆਂ ਅਤੇ ਸ਼ਕਤੀਕਰਣ ਦੇ ਕੇਂਦਰੀ ਮੰਤਰਾਲੇ ਦੁਆਰਾ ਦਿੱਤਾ ਜਾਂਦਾ ਹੈ। ਇਹ ਐਵਾਰਡ ਕਿਸੇ ਵੀ ਮਾਨਤਾ ਪ੍ਰਾਪਤ ਸਟੇਟ/ਕੇਂਦਰੀ/ਕੌਂਸਲ ਬੋਰਡ ਦੁਆਰਾ ਕਰਵਾਈ ਜਾ ਰਹੀ ਦਸਵੀਂ/ਬਾਰਵੀ ਪ੍ਰੀਖਿਆ ਵਿੱਚ ਅੱਵਲ ਰਹਿਣ ਵਾਲੇ ਐਸ.ਸੀ. /ਐਸ.ਟੀ. ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਦਸ਼ਮੇਸ਼ ਸੰਸਥਾਵਾਂ ਦੇ ਚੇਅਰਮੈਨ ਗੁਰਮੀਕ ਸਿੰਘ ,ਡਾਇਰੈਕਟਰ ਜਗਜੀਤ ਸਿੰਘ ਬੈਂਸ ਅਤੇ ਪਿ੍ਰੰਸੀਪਲ ਮੈਡਮ ਪਰਮਜੀਤ ਕੌਰ ਨੇ ਵਿਦਿਆਰਥਣ ਜਸਵੀਰ ਕੌਰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ।


