ਕਠੂਆ ਗੈਂਗਰੇਪ ਕੇਸ ‘ਚ ਕੋਰਟ ਨੇ ਸੁਣਾਇਆ ਫੈਸਲਾ , ਤਿੰਨ ਨੂੰ ਤਮਾਮ ਉਮਰ ਕੈਦ

Tags: 

ਪਠਾਨਕੋਟ,10 ਜੂਨ (ਬਿਸ਼ੰਬਰ  ਬਿੱਟੂ / ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ)  :ਜੰਮੂ-ਕਸ਼ਮੀਰ ਦੇ ਕਠੂਆ ‘ਚ 8 ਸਾਲਾ ਬੱਚੀ ਦੇ ਗੈਂਗਰੇਪ ਤੇ ਹੱਤਿਆ ਮਾਮਲੇ ‘ਚ ਅੱਜ ਪਠਾਨਕੋਟ ‘ਚ ਜ਼ਿਲਾ ਸੈਸ਼ਨ ਕੋਰਟ ਨੇ ਫੈਸਲਾ ਸੁਣਾ ਦਿੱਤਾ। ਮਾਮਲੇ ਵਿਚ ਦੋਸ਼ੀ ਪਾਏ 6 ਵਿਅਕਤੀਆਂ ਵਿਚੋਂ 4 ਪੁਲਿਸ ਅਧਿਕਾਰੀ  ਹਨ। ਜ਼ਿਲਾ ਸੈਸ਼ਨ ਜੱਜ ਸ੍ਰ. ਤੇਜਵਿੰਦਰ ਸਿੰਘ ਦੀ ਅਦਾਲਤ ਵਲੋਂ ਦੁਪਹਿਰ ਬਾਅਦ  ਫ਼ੈਸਲਾ ਸੁਣਾਇਆ ਗਿਆ ਜਿਸ ਤਹਿਤ  ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਖਜੂਰੀਆ, ਪ੍ਰਵੇਸ਼ ਕੁਮਾਰ ਅਤੇ ਮੁੱਖ ਦੋਸ਼ੀ ਗਰਾਮ ਪ੍ਰਧਾਨ ਸਾਂਜੀ ਰਾਮ ਨੂੰ ਤਮਾਮ ਉਮਰ ਕੈਦ ਦੀ ਸ਼ਜਾ ਸਣਾਈ ਹੈ ਜਦਕਿ ਬਾਕੀ ਤਿੰਨ ਦੋੋਸ਼ੀਆਂ ਏ ਐੱਸ ਆਈ ਆਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਪੁਲਿਸ ਅਧਿਕਾਰੀ ਸੁਰਿੰਦਰ ਵਰਮਾ ਨੂੰ 5-5 ਸਾਲ ਦੀ ਸਜ਼ਾ ਸਣਾਈ ਗਈ ਹੈ । ਇਸ ਤੋਂ ਇਲਾਵਾ ਦੋਸ਼ੀਆਂ ਨੂੰ 50-50 ਹਜ਼ਾਰ ਅਤੇ ਇਕ ਵੱਖਰੀ ਧਾਰਾ ਤਹਿਤ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ ।  ਬੀਤੇ ਸਾਲ 10 ਜਨਵਰੀ ਨੂੰ ਆਪਣੇ ਪਸ਼ੂ ਜੰਗਲ ਵਿਚ ਚਰਾਉਣ ਗਈ 8 ਸਾਲਾ ਮਾਸੂਮ ਬੱਚੀ ਨੂੰ ਲਗਾਤਾਰ 4 ਦਿਨ ਅਗਵਾ ਕਰਕੇ ਬਲਾਤਕਾਰ ਕਰਨ ਅਤੇ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਜੰਗਲ ਵਿਚੋਂ 17 ਜਨਵਰੀ ਨੂੰ ਲੜਕੀ ਦੀ ਲਾਸ਼ ਮਿਲੀ ਸੀ। ਇਸ ਮਾਮਲੇ ‘ਚ ਸਿਤਮਜ਼ਰੀਫ਼ੀ ਇਹ ਰਹੀ ਕਿ 8 ਸਾਲਾ ਬੱਚੀ ਨੂੰ ਲਗਾਤਾਰ ਚਾਰ ਦਿਨ ਨਸ਼ੇ ਨਾਲ ਬੇਹੋਸ਼ ਕੀਤਾ ਜਾਂਦਾ ਰਿਹਾ ਅਤੇ ਭੁੱਖੇ ਭਾਣੇ ਵਾਰ ਵਾਰ ਦੋਸ਼ੀਆਂ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ। ਲੜਕੀ ਮੁਸਲਿਮ ਕਬੀਲੇ ਨਾਲ ਸਬੰਧਤ ਸੀ ਅਤੇ ਦੋਸ਼ੀ ਹਿੰਦੂ ਸਮੁਦਾਇ ਨਾਲ ਸਬੰਧਤ ਹੋਣ ਕਰਕੇ ਅਤੇ ਇਹ ਘਟਨਾ ਵੀ ਮੰਦਰ ਵਿਚ ਲਗਾਤਾਰ ਚਾਰ ਦਿਨ ਹੁੰਦੀ ਰਹੀ ਇਸ ਕਰਕੇ ਸੂਬੇ ਵਿਚ ਸੱਤਾਰੂੜ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀਆਂ ਨੇ ਇਸ ਘਟਨਾ ਨੂੰ ਹਿੰਦੂ ਮੁਸਲਿਮ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪਰ ਨਿਆਂਪਾਲਿਕਾ ਨੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਅਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਆਧਾਰ ’ਤੇ ਕਰਨ ਦੇ ਹੁਕਮ ਦਿੱਤੇ ਤੇ ਅੱਜ ਇਸ ਮਾਮਲੇ ‘ਚ ਕੁੱਲ 7 ਮੁਲਜ਼ਮਾਂ ‘ਚੋਂ 6 ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਜਦਕਿ ਇੱਕ ਮੁਲਜ਼ਮ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ। ਕਠੂਆ ਜਬਰ ਜਨਾਹ ਅਤੇ ਕਤਲ ਮਾਮਲੇ ‘ਚ ਮਾਸਟਰਮਾਈਂਡ ਸਮੇਤ 6 ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ । ਇਸ ਮਾਮਲੇ ‘ਚ 7 ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿਨਾਂ ‘ਚੋਂ ਅਦਾਲਤ ਨੇ 6 ਨੂੰ ਦੋਸ਼ੀ ਕਰਾਰ ਕਰ ਦਿੱਤਾ, ਜਿਨਾਂ ‘ਚ 2 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਜਦਕਿ 1 ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ਮੁਤਾਬਕ ਦੀਪਕ ਖਜੂਰੀਆ, ਪ੍ਰਵੇਸ਼ ਕੁਮਾਰ ਅਤੇ ਮੁੱਖ ਦੋਸ਼ੀ ਸਾਂਜੀ ਰਾਮ ਨੂੰ ਧਾਰਾਵਾਂ 302, 376 (ਡੀ.) ਦੇ ਤਹਿਤ ਸਜ਼ਾ ਸੁਣਾਈ ਗਈ ਹੈ  ਜਦਕਿ ਆਨੰਦ ਦੱਤਾ, ਸਹਾਇਕ ਪੁਲਿਸ ਨਿਰੀਖਕ ਤਿਲਕ ਰਾਜ ਅਤੇ ਸੁਰਿੰਦਰ ਵਰਮਾ ਨੂੰ ਧਾਰਾ 201 ਦੇ ਤਹਿਤ ਸਜ਼ਾ ਸੁਣਾਈ ਗਈ ਹੈ। ਇਸ ਫ਼ੈਸਲੇ ਦੇ ਮੱਦੇਨਜ਼ਰ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਇਸ ਦੌਰਾਨ ਜੱਜ ਡਾ. ਤੇਜਵਿੰਦਰ ਸਿੰਘ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਇਆ । ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ‘ਚ ਜ਼ਿਲਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਬੀਤੇ ਦਿਨੀਂ ਆਖਰੀ ਦੌਰ ਦੀ ਸੁਣਵਾਈ ਤੇ ਬਹਿਸ ਪੂਰੀ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ। ਦਰਅਸਲ ਬੀਤੇ ਸਾਲ 10 ਜਨਵਰੀ ਨੂੰ ਕਠੂਆ ਜ਼ਿਲੇ ਦੇ ਛੋਟੇ ਜਿਹੇ ਪਿੰਡ ਦੀ 8 ਸਾਲਾ ਬੱਚੀ ਨਾਲ ਮੰਦਰ ਵਿੱਚ ਕਥਿਤ ਤੌਰ ‘ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨ ਤੱਕ ਬੇਹੋਸ਼ ਰੱਖਿਆ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ । ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗਿ੍ਰਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜ਼ਿਲਾ  ਸੈਸ਼ਨ ਜੱਜ ਨੇ ਅੱਠ ਮੁਲਜ਼ਮਾਂ ਵਿੱਚੋਂ ਸੱਤ ਖਿਲਾਫ਼ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਹੇਠ ਮੁਕੱਦਮੇ ਦੀ ਸੁਣਵਾਈ ਕੀਤੀ ਹੈ। ਇਸ ਤੋਂ ਪਹਿਲਾਂ ਕਠੂਆ ਵਿੱਚ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ ਪਰ ਫਿਰ ਹਾਲਾਤ ਵਿਗੜਦੇ ਦੇਖ ਸੁਪਰੀਮ ਕੋਰਟ ਨੇ ਮਾਮਲਾ ਪਠਾਨਕੋਟ ਅਦਾਲਤ ਵਿੱਚ ਭੇਜ ਦਿੱਤਾ ਸੀ। ਇਸ ਮਾਮਲੇ ਨੇ ਵੱਡਾ ਸਿਆਸੀ ਭੂਚਾਲ ਲਿਆਂਦਾ ਸੀ ਅਤੇ ਇਸ ਘਟਨਾ ਕਾਰਨ ਸਮੁੱਚੇ ਦੇਸ਼ ਵਿਚ ਪੀੜਤ ਬੱਚੀ ਲਈ ਹਮਦਰਦੀ ਦੀ ਲਹਿਰ ਪੈਦਾ ਹੋਈ ਸੀ ਅਤੇ ਇਸੇ ਕਰਕੇ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫਾਸਟ ਟਰੈਕ ਰਾਹੀਂ ਇਸ ਮਾਮਲੇ ਦੀ ਸੁਣਵਾਈ ਦੇ ਆਦੇਸ਼ ਦਿੱਤੇ ਅਤੇ ਅੱਜ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ । ਇਸ ਕੇਸ ਦੀ ਸਮੁੱਚੀ ਸੁਣਵਾਈ ਦੀ ਪਰਿਕਿਰਿਆ ਰਿਕਾਰਡ ਕੀਤਾ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ