ਮਲੇਸ਼ੀਆ ਵਿਚ ਬੰਧੂਆ ਮਜ਼ਦੂਰਾਂ ਵਾਂਗ ਰਹੀ ਸੁਖਵਿੰਦਰ ਕੌਰ,ਗ਼ਰੀਬ ਮਾਂ-ਬਾਪ ਕਰਕੇ ਸਹਿੰਦੀ ਰਹੀ ਬੇਇਨਸਾਫ਼ੀ
ਮੋਗਾ ,9 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੋਗਾ ਨਿਵਾਸੀ ਮਟਾਂ ਵਾਲਾ ਵਿਹੜਾ ਸੁਖਵਿੰਦਰ ਕੌਰ ਪੁੱਤਰ ਗੁਰਜੰਟ ਸਿੰਘ ਜੋ ਕਿ ਸਾਲ 2014 ਵਿਚ ਇਕ ਔਰਤ ਦੀ ਮਦਦ ਨਾਲ ਮਲੇਸ਼ੀਆ ਗਈ ਪਰ ਉਸੇ ਹੀ ਔਰਤ ਨੇ ਮਲੇਸ਼ੀਆ ਵਿਚ ਕਿਸੇ ਹੋਰ ਕੰਮ ’ਤੇ ਲਗਾਉਣ ਦੀ ਬਜਾਏ ਮਲੇਸ਼ੀਆ ਵਿਚ ਰਹਿਣ ਵਾਲੀ ਕਿਰਨਜੀਤ ਕੌਰ ਦੇ ਘਰ ਕੰਮ ’ਤੇ ਲਗਵਾ ਦਿੱਤੀ। ਇਸ ਸਬੰਧੀ ਆਪਣੀ ਵਿਥਿਆ ਸੁਣਾਉਂਦੇ ਸੁਖਵਿੰਦਰ ਕੌਰ ਜੋ ਕਿ 1 ਜੂਨ ਨੂੰ ਹੀ ਮਲੇਸ਼ੀਆ ਪੁਲਿਸ ਦੀ ਮਦਦ ਨਾਲ ਆਪਣੇ ਘਰ ਪਰਤੀ ਹੈ ਨੇ ਦੱਸਿਆ ਕਿ ਸਾਲ 2014 ਤੋਂ ਲੈ ਕੇ ਸਾਲ 2018 ਤੱਕ ਕਿਰਨਜੀਤ ਕੌਰ ਦੇ ਘਰ ਉਹ ਬੰਧੂਆ ਮਜ਼ਦੂਰਾਂ ਵਾਂਗ ਰਹੀ ਤੇ ਉਸ ਦੀ ਸਾਰੀ ਆਜ਼ਾਦੀ ਖੋਹ ਲਈ ਗਈ। ਇੱਥੋਂ ਤੱਕ ਕਿ ਜਿੱਥੇ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਉੱਥੇ ਨਾਲ ਹੀ ਉਸ ਨੂੰ ਕੁੱਟਮਾਰ ਵੀ ਸਹਿਣੀ ਪੈਂਦੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਇਹ ਸਭ ਕੁਝ ਇਸ ਕਰਕੇ ਸਹਿੰਦੀ ਰਹੀ ਕਿ ਉਹ ਆਪਣੇ ਗ਼ਰੀਬ ਮਾਂ-ਬਾਪ ਨੂੰ ਨਾ ਦੱਸੇ ਕਿਉਂਕਿ ਉਹ ਆਰਥਿਕ ਤੌਰ ’ਤੇ ਬੇਹੱਦ ਗ਼ਰੀਬ ਸਨ। ਜਦ ਮਲੇਸ਼ੀਆ ਦੀ ਇਕ ਚਰਚ ਵਿਚ ਮੋਗਾ ਨਿਵਾਸੀ ਇਕ ਔਰਤ ਨਾਲ ਉਸ ਦਾ ਮੇਲ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਦਾ ਨੰਬਰ ਉਸ ਨੂੰ ਦੇ ਦਿੱਤਾ ਅਤੇ ਉਸ ਔਰਤ ਨੇ ਮੋਗਾ ਆ ਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਨੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਚਾਰਾਜੋਈ ਅਰੰਭ ਦਿੱਤੀ। ਇਸ ਮਾਮਲੇ ਵਿਚ ਸੁਖਵਿੰਦਰ ਕੌਰ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮਲੇਸ਼ੀਆ ਗੁਰੂ ਘਰ ਦੇ ਮੈਨੇਜਰ ਅਮਰਜੀਤ ਸਿੰਘ ਨੇ ਹੀ ਉਸ ਨੂੰ ਮਲੇਸ਼ੀਆ ਦਾ ਵੀਜ਼ਾ ਲਗਵਾ ਕੇ ਦਿੱਤਾ ਤੇ ਜਦ ਉਹ ਮਲੇਸ਼ੀਆ ਪਹੁੰਚੀ ਤਾਂ ਪੁਲਿਸ ਦੀ ਮਦਦ ਨਾਲ ਉਹ ਆਪਣੀ ਬੇਟੀ ਕੋਲ ਪਹੁੰਚ ਗਈ ਪਰ ਉਹ ਘਰ ਨਾ ਗਈ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਤੇ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਬੇਟੀ ਵਾਪਸ ਭਾਰਤ ਭੇਜ ਦਿੱਤੀ ਜਾਵੇਗੀ ਜਿਸ ਦੇ ਚੱਲਦਿਆਂ ਮਾਤਾ ਮਨਜੀਤ ਕੌਰ ਵਲੋਂ ਪੁਲਿਸ ਨੂੰ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਿਰਨਜੀਤ ਕੌਰ ਤੇ ਉਸ ਦੇ ਘਰ ਬੰਧੂਆ ਮਜ਼ਦੂਰਾਂ ਵਾਂਗ ਰਹਿ ਰਹੀ ਸੁਖਵਿੰਦਰ ਕੌਰ ਨੂੰ ਸੱਦਿਆ ਤੇ ਉਸ ਦੇ ਬਿਆਨ ਲੈਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਸੁਖਵਿੰਦਰ ਕੌਰ ਨੇ ਇਹ ਵੀ ਹੈਰਾਨੀਜਨਕ ਖ਼ੁਲਾਸਾ ਵੀ ਕੀਤਾ ਕਿ ਕਿਰਨਜੀਤ ਕੌਰ ਦਾ ਮਲੇਸ਼ੀਆ ਵਿਚ ਨਾਂਅ ਕਿਰਨ ਹੈ ਤੇ ਉਸ ਦਾ ਪਤੀ ਰੋਬਿਟ ਸਟੀਫਨ ਸਨ ਹੈ ਤੇ ਉਹ ਚਰਚ ਜਾਂਦੇ ਸਨ ਤੇ ਉਸ ਦਾ ਵੀ ਉਨ੍ਹਾਂ ਨੇ ਧੱਕੇ ਨਾਲ ਧਰਮ ਤਬਦੀਲ ਕਰਵਾ ਦਿੱਤਾ ਸੀ। ਹੁਣ ਸੁਖਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜੋ ਬੇਇਨਸਾਫ਼ੀ ਹੋਈ ਹੈ ਉਸ ਮਾਮਲੇ ਵਿਚ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ