‘ਵਿਸ਼ਵ ਮਹਾਂਸਮੁੰਦਰ ਦਿਵਸ’ ਮੌਕੇ ਨੈਸਲੇ, ਨਗਰ ਨਿਗਮ, ਮੰਡੀ ਬੋਰਡ ਅਤੇ ਸਮਾਜ ਸੇਵੀਆਂ ਨੇ ਸਾਢੇ ਅੱਠ ਕੁਇੰਟਲ ਪਲਾਸਟਿਕ ਕਚਰਾ ਇਕੱਤਰ ਕਰਕੇ ਦਿੱਤਾ ਵਾਤਾਵਰਨ ਸ਼ੁਧਤਾ ਦਾ ਸੁਨੇਹਾ

ਮੋਗਾ 08 ਜੂਨ: (ਜਸ਼ਨ): ਧਰਤੀ ’ਤੇ ਮਨੁੱਖਤਾ ਦੀ ਹੋਂਦ ਨੂੰ ਬਚਾਉਣ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਜੇਕਰ ਅਸੀਂ ਆਪਣੇ ਪੁਰਖਿਆਂ ਵੱਲੋਂ ਪ੍ਰਦਾਨ ਕੀਤੇ ਗਏ ਸਵੱਛ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਪ੍ਰਤੀ ਜਾਗਰੂਕ ਨਾ ਹੋਏ, ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਨੈਸਲੇ ਮੋਗਾ ਫ਼ੈਕਟਰੀ ਵਿਖੇ ਨੈਸਲੇ, ਨਗਰ ਨਿਗਮ, ਮੰਡੀ ਬੋਰਡ ਅਤੇ ਸਮਾਜ ਸੇਵੀ ਸੋਸਾਇਟੀਆਂ ਦੇ ਸਹਿਯੋਗ ਨਾਲ ਮਨਾਏ ਗਏ ‘ਵਿਸ਼ਵ ਮਹਾਂਸਮੁੰਦਰ ਦਿਵਸ‘ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਇਸ ਮੌਕੇ ਸਮਾਗਮ ਵਿੱਚ ਤਕਰੀਬਨ 300 ਵਿਅਕਤੀਆਂ ਨੇ ਭਾਗ ਲਿਆ ਅਤੇ ਦਾਣਾ ਮੰਡੀ, ਸਬਜ਼ੀ ਮੰਡੀ ਤੇ ਜੀ. ਟੀ ਰੋਡ ਤੋ ਸਾਰਾ ਪਲਾਸਟਿਕ ਇਕੱਠਾ ਕਰਕੇ ਸਫ਼ਾਈ ਕੀਤੀ ਗਈ। ਇਹ ਮੁਹਿੰਮ ਸਵੇਰੇ 7 ਵਜੇ ਸ਼ੁਰੁ ਕੀਤੀ ਗਈ, ਜਿਸ ਦਾ ਉਦਘਾਟਨ ਨੈਸਲੇ ਮੋਗਾ ਫ਼ੈਕਟਰੀ ਦੇ ਮੈਨੇਜਰ ਸ਼੍ਰੀ ਸੁਮੀਤ ਧੀਮਾਨ ਨੇ ਕੀਤਾ। ਇਸ ਤੋਂ ਬਾਅਦ ਆਏ ਹੋਏ ਸਾਰੇ ਵਿਅਕਤੀਆਂ ਨੂੰ ਤਿੰਨ ਟੀਮਾਂ ਵਿੱਚ ਵੰਡ ਕੇ ਉਨਾਂ ਨੂੰ ਸੁਰੱਖਿਅਤ ਪਲਾਸਟਿਕ ਚੁੱਕਣ ਵਾਲੇ ਉਜਾਰ ਦਿੱਤੇ ਗਏ। ਤਿੰਨਾਂ ਟੀਮਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਜੀ. ਟੀ ਰੋਡ ਤੋਂ ਸਾਰਾ ਪਲਾਸਟਿਕ ਇੱਕਠਾ ਕਰਕੇ ਤਿੰਨ ਘੰਟਿਆਂ ਵਿੱਚ 865 ਕਿਲੋ ਪਲਾਸਟਿਕ ਇਕੱਤਰ ਕੀਤਾ ਗਿਆ ਅਤੇ ਇਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਨੂੰ ਸਹੀ ਢੰਗ ਨਾਲ ਨਸ਼ਟ ਕਰਨ ਲਈ ਭੇਜ ਦਿੱਤਾ ਗਿਆ। ਇਸ ਮੌਕੇ ਸ੍ਰੀ ਸੰਦੀਪ ਹੰਸ ਨੇ ਨੈਸਲੇ ਦੇ ਇਸ ਉਪਰਾਲੇ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ। ਉਨਾਂ ਆਲਮੀ ਤਪਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆਂ ’ਚ ਵਿਕਾਸ ਦੇ ਨਾਂ ’ਤੇ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਦੇ ਮਾਰੂ ਨਤੀਜੇ ਸਾਹਮਣੇ ਆ ਰਹੇ ਹਨ।  ਉਨਾਂ ਕਿਹਾ ਕਿ ਸ਼ਹਿਰ ਵਿੱਚ ਖਾਲੀ ਪਈਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਇਨਾਂ ਥਾਵਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ, ਤਾਂ ਜਂੋ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਉਨਾਂ ਲੋਕਾਂ ਨੂੰ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਪਾਣੀ ਦੀ ਬੱਚਤ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬੀ.ਐਸ.ਭੁੱਲਰ, ਜਸਪਾਲ ਸਿੰਘ ਸਿੱਧੂ, ਸਤਿਨਾਮ ਸਿੰਘ ਜੌਹਲ, ਚਰਨਜੀਵ ਸਿੰਘ ਕੋਹਲੀ, ਸੋਨਮ ਬਾਂਸਲ, ਅਮਰਨਾਥ ਗੁਪਤਾ, ਸੁਪਰਵਾਈਜ਼ਰ ਸੁਖਵਿੰਦਰ ਸਿੰਘ ਅਤੇ ਨਗਰ ਨਿਗਮ ਤੇ ਮੰਡੀ ਬੋਰਡ ਦੇ ਅਧਿਕਾਰੀ,ਨੁਮਾਇੰਦੇ ਅਤੇ ਸਮਾਜ ਸੇਵੀ ਸੋਸਾਇਟੀਆਂ ਦੇ ਅਹੁਦੇਦਾਰ ਹਾਜ਼ਰ ਸਨ।