ਧਰਮੀ ਫੌਜੀ ਸ਼ਹੀਦ ਭਾਈ ਬੇਅੰਤ ਸਿੰਘ ਦੀ 35ਵੀਂ ਬਰਸੀ ਮੌਕੇ ਪੰਥਕ ਆਗੂ ਕਰਨਗੇ ਸ਼ਿਰਕਤ

ਕੋਟਕਪੂਰਾ, 7 ਜੂਨ (ਟਿੰਕੂ ਪਰਜਾਪਤ) :- “ਸਾਕਾ ਨੀਲਾ ਤਾਰਾ” ਮੌਕੇ ਆਪਣੇ ਧਰਮ ਅਸਥਾਨਾਂ ਦੀ ਬੇਅਦਬੀ ਨਾ ਸਹਾਰਦਿਆਂ ਬੈਰਕਾਂ ਛੱਡ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕੁਝ-ਕੁ ਸਾਡੇ ਸਿੱਖ ਸ਼ਹੀਦ ਅਜਿਹੇ ਵੀ ਹਨ, ਜਿਨਾਂ ਦੇ ਮਾਪੇ ਅੱਜ 35 ਸਾਲਾਂ ਬਾਅਦ ਵੀ ਉਨਾਂ ਦੀ ਯਾਦ ਆਪਣੇ ਦਿਲ ’ਚ ਸਮਾਈ ਬੈਠੇ ਹਨ। ਇਸੇ ਤਰਾਂ ਨੇੜਲੇ ਪਿੰਡ ਕੋਟਸੁਖੀਆ ਦੇ ‘ਸ਼ਹੀਦ ਭਾਈ ਬੇਅੰਤ ਸਿੰਘ’ ਦੀ 35ਵੀਂ ਬਰਸੀ ਉਨਾਂ ਦੇ ਮਾਪਿਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 10 ਜੂਨ ਦਿਨ ਸੋਮਵਾਰ ਨੂੰ ਉਨਾਂ ਦੇ ਗ੍ਰਹਿ ਪਿੰਡ ਕੋਟਸੁਖੀਆ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਉਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸਿੱਖ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਰ ਸਾਲ ਮਨਾਈ ਜਾਂਦੀ ਹੈ ਅਤੇ ਇਲਾਕੇ ਭਰ ਦੀਆਂ ਸੰਗਤਾਂ ਸਮੇਤ ਕੁਝ ਪ੍ਰਮੁੱਖ ਸਿਆਸੀ, ਗੈਰ ਸਿਆਸੀ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ। ਸ਼ਹੀਦ ਦੀ ਮਾਤਾ ਜਸਮੇਲ ਕੌਰ ਤੇ ਭਰਾਵਾਂ ਲਖਵੀਰ ਸਿੰਘ ਤੇ ਬਲਕਾਰ ਸਿੰਘ ਨੇ ਦੱਸਿਆ ਕਿ 10 ਜੂਨ ਨੂੰ ਪਹਿਲਾਂ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸ਼ਰਧਾਂਜ਼ਲੀ ਸਮਾਗਮ ਹੋਵੇਗਾ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਨੇ ਦੱਸਿਆ ਕਿ ਇਸ ਮੌਕੇ ਧਰਮੀ ਫੌਜੀਆਂ ਤੇ ਉਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਉਨਾਂ ਦੱਸਿਆ ਕਿ ਬਾਬਾ ਅਵਤਾਰ ਸਿੰਘ ਸਾਧਾਂਵਾਲੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਜਦਕਿ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਮੌਜੂਦਾ ਪੰਥਕ ਹਲਾਤਾਂ ਨਾਲ ਸਬੰਧਤ ਵਿਚਾਰਾਂ ਸਾਂਝੀਆਂ ਕਰਨਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


