ਅਪਰਾਧਕ ਰਿਕਾਰਡ ਵਾਲੇ ਸੰਸਦਾਂ ਦਾ ਲਗਾਤਾਰ ਪਾਰਲੀਮੈਂਟ ਵਿੱਚ ਦਾਖਲਾ ਲੋਕਤੰਤਰ ਲਈ ਖਤਰੇ ਦੀ ਘੰਟੀ- ਨਸੀਬ ਬਾਵਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ

ਮੋਗਾ 01ਜੂਨ (ਜਸ਼ਨ): ‘ਲੋਕਤੰਤਰ ਵਿੱਚ ਚੰਗੀ ਛਵੀ ਵਾਲੇ ਵਿਅਕਤੀਆਂ ਦਾ ਸੰਸਦ ਵਿੱਚ ਜਾਣਾ ਬਹੁਤ ਜਰੂਰੀ ਹੈ। ਆਮ ਵੋਟ ਰਾਹੀਂ ਅਸੀਂ ਉਮੀਦ ਵੀ ਇਹ ਕਰਦੇ ਹਾਂ ਕਿ ਆਮ ਲੋਕ ਚੰਗੇ ਕਿਰਦਾਰ ਵਾਲੇ ਸੰਸਦਾਂ ਨੂੰ ਚੁਣਕੇ ਪਾਰਲੀਮੈਂਟ ਅਤੇ ਅਸੈਂਬਲੀ ਵਿੱਚ ਭੇਜਣਗੇ ਕਿਉਂਕਿ ਉਨ੍ਹਾਂ ਨੇ ਹਤਿਆਰੇ, ਅੱਤਵਾਦੀ, ਬਲਾਤਕਾਰੀ, ਦੰਗੇਕਾਰੀ ਆਦਿ ਲੋਕਾਂ ਦੇ ਖਿਲਾਫ ਕਾਨੂੰਨ ਬਣਾ ਕੇ ਭਲੇਮਾਣਸ ਲੋਕਾਂ ਦੀ ਅਜ਼ਾਦੀ ਦੀ ਰੱਖਿਆ ਕਰਨੀ ਹੈ ਪ੍ਰੰਤੂ ਜੇਕਰ ਹਤਿਆਰੇ,ਅੱਤਵਾਦੀ, ਬਲਾਤਕਾਰੀ, ਦੰਗੇਕਾਰੀ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਲੀਮੈਂਟ ਅਤੇ ਅਸੈਂਬਲੀ ਦੀਆ ਪੌੜੀਆਂ ਚੜਨ ਵਿੱਚ ਕਾਮਯਾਬ ਹੋ ਜਾਣ ਤਾਂ ਉਨ੍ਹਾਂ ਲੋਕਾਂ ਦਾ ਕਸੂਰ ਨਹੀਂ ਹੈ ਜਿਹੜੇ ਆਪਣੀਆਂ ਬੁਰਾਈਆਂ ਨੂੰ ਛੁਪਾਉਣ ਲਈ ਸੰਸਦ ਜਾਂ ਵਿਧਾਇਕ ਬਣ ਜਾਂਦੇ ਹਨ, ਸਗੋਂ ਉਨ੍ਹਾਂ ਲੋਕਾਂ ਦਾ ਕਸੂਰ ਹੈ ਜੋ ਅਜਿਹੇ ਲੋਕਾਂ ਨੂੰ ਚੁਣਦੇ ਹਨ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਸੀਬ ਬਾਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਅਪਰਾਧਿਕ ਮਾਮਲਿਆਂ ਵਾਲੇ ਸੰਸਦਾਂ ਦੀ ਗਿਣਤੀ ਪਿਛਲੇ 15 ਸਾਲਾਂ ਵਿੱਚ ਤਿੰਨ ਗੁਣਾਂ ਤੋਂ ਵੱਧ ਗਈ ਹੈ, ਜੇਕਰ ਇਹ ਗਿਣਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸੰਸਦ ਵਿੱਚ ਸਾਫ ਸੁਥਰੀ ਛਵੀ ਵਾਲਾ ਸੰਸਦ ਮੈਂਬਰ ਲੱਭਣਾ ਔਖਾ ਹੋ ਜਾਵੇਗਾ। ਸ਼੍ਰੀ ਬਾਵਾ ਨੇ ਦੱਸਿਆ ਕਿ 2009 ਵਿੱਚ ਅਪਰਾਧਿਕ ਸ਼ਵੀ ਵਾਲੇ 76 ਸੰਸਦ ਮੈਂਬਰ ਸਨ ਜੋ ਗਿਣਤੀ 2014 ਵਿੱਚ ਵੱਧ ਕੇ 112 ਹੋ ਗਈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਇੱਕ ਭਾਸ਼ਣ ਦੌਰਾਨ ਭਾਰਤੀਆਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜੇਕਰ ਅਪਰਾਧਿਕ ਸ਼ਵੀ ਵਾਲੇ ਸੰਸਦ ਪਾਰਲੀਮੈਂਟ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਨਗੇ ਕਿ ਅਜਿਹੇ ਲੋਕਾਂ ਨੂੰ ਪਾਰਲੀਮੈਂਟ ਦੀ ਜਗ੍ਹਾ ਉਨ੍ਹਾਂ ਦੇ ਕੇਸਾਂ ਦਾ ਮੁਲਾਂਕਨ ਕਰਕੇ ਉਨ੍ਹਾਂ ਨੂੰ ਜੇਲ ਵਿੱਚ ਭੇਜਿਆ ਜਾਵੇ ਪ੍ਰੰਤੂ 2014 ਦੀਆਂ ਚੋਣਾ ਵਿੱਚ ਇੱਕ ਅਜਿਹਾ ਸੰਸਦ ਚੁਣਿਆ ਗਿਆ ਜਿਸ ਨੇ ਬਾਅਦ ਵਿੱਚ ਮੰਤਰੀ ਪਦ ਦੀ ਸੰਹੂ ਵੀ ਚੁੱਕ ਲਈ ਪ੍ਰੰਤੂ ਵਿਰੋਧੀ ਪਾਰਟੀਆਂ ਦਾ ਤਕੜਾ ਵਿਰੋਧ ਹੋਣ ਕਾਰਨ ਉਸ ਵਿਅਕਤੀ ਨੂੰ ਆਪਣਾ ਇਹ ਮੰਤਰੀ ਪਦ ਛੱਡਣਾ ਪਿਆ ਪ੍ਰੰਤੂ 2019 ਦੀਆਂ ਚੋਣਾਂ ਵਿੱਚ ਅਪਰਾਧਿਕ ਸ਼ਵੀ ਵਾਲੇ ਤਕਰੀਬਨ 233 ਵਿਅਕਤੀ ਸੰਸਦ ਮੈਂਬਰ ਬਣਨ ਵਿੱਚ ਕਾਮਯਾਬ ਹੋ ਗਏ। ਸ਼੍ਰੀ ਬਾਵਾ ਨੇ ਕਿਹਾ ਕਿ ਹਰ 5 ਸਾਲ ਬਾਅਦ ਅਪਰਾਧਿਕ ਛਵੀ ਵਾਲੇ ਲੋਕਾਂ ਦਾ ਪਾਰਲੀਮੈਂਟ ਵਿੱਚ ਜਾਣਾ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।ਆਮ ਜਨਤਾ ਨੂੰ ਅੱਜ ਇਹ ਸੋਚਣਾ ਪਵੇਗਾ ਕਿ ਅਪਰਾਧਿਕ ਸ਼ਵੀ ਵਾਲੇ ਲੋਕ ਵੀ 3-3, 4-4 ਲੱਖ ਵੋਟਾਂ ਦੇ ਫਰਕ ਨਾਲ ਜੇਕਰ ਪਾਰਲੀਮੈਂਟ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਵਿਅਕਤੀ ਆਪਣੇ ਆਪ ਦੀ ਘੋਖ ਕਰਨ ਅਤੇ ਚੰਗੀ ਛਵੀ ਵਾਲੇ ਸੰਸਦਾਂ ਨੂੰ ਅਤੇ ਪੜ੍ਹੇ ਲਿਖੇ ਸੰਸਦਾਂ ਨੂੰ ਪਾਰਲੀਮੈਂਟ ਵਿੱਚ ਭੇਜਣ ਲਈ ਆਪਣੀ ਵਾਹ ਲਾਉਣ ਤਾਂ ਕਿ ਹਿੰਦੁਸਤਾਨ ਮਜਬੂਤ ਲੋਕਤੰਤਰ ਬਣੇ।


