ਨੈਸ਼ਨਲ ਐਵਾਰਡੀ ਸਾਬਕਾ ਸਰਪੰਚ ਬੀਬੀ ਨਰਿੰਦਰ ਕੌਰ ਨਮਿਤ ਭੋਗ ਤੇ ਵਿਸ਼ੇਸ਼ (ਭੋਗ 2 ਜੂਨ ,ਦਿਨ ਐਤਵਾਰ ਨੂੰ )

ਮੋਗਾ, 1 ਜੂਨ (ਜਸ਼ਨ): ਦੁਨੀਆਂ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਬਹੁਤ ਹੀ ਘੱਟ ਹੁੰਦੀਆਂ ਨੇ ਜੋ ਆਪਣੇ ਰੁਤਬੇ ਦੀ ਸ਼ਾਨ ਨੂੰ ਵਧਾਉਂਦੀਆਂ ਨੇ, ਅਜਿਹੀ ਮਿਸਾਲ ਸਨ ਸਾਬਕਾ ਸਰਪੰਚ ਬੀਬੀ ਨਰਿੰਦਰ ਕੌਰ ਡਾਲਾ, ਜਿਨ੍ਹਾਂ ਨੇ ਬਿਲਕੁੱਲ ਅਨਪੜ੍ਹ ਹੋਣ ਦੇ ਬਾਵਜੂਦ ਆਪਣੇ ਰੁਤਬੇ ਦੀ ਸ਼ਾਨ ਨੂੰ ਵਧਾਇਆ ਅਤੇ ਪਿੰਡ ਦੇ ਵਿਕਾਸ ਲਈ ਅਜਿਹੀਆਂ ਮੰਜ਼ਿਲਾਂ ਸਰ ਕੀਤੀਆਂ ਕਿ ਉਨ੍ਹਾਂ ਨੂੰ ਕੌਮੀ ਪੱਧਰ ਤੇ ਸਨਮਾਨਿਤ ਕੀਤਾ ਗਿਆ । ਤਕਰੀਬਨ ਸੱਠ ਸਾਲ ਪਹਿਲਾਂ ਬੀਬੀ ਨਰਿੰਦਰ ਕੌਰ ਨੇ ਆਪਣੀ ਮਾਤਾ ਸੁਖਦੇਵੀ ਅਤੇ ਪਿਤਾ ਸੋਹਣ ਸਿੰਘ ਦੇ ਘਰ ਮੋਗਾ ਵਿਖੇ ਜਨਮ ਲਿਆ । ਆਪ ਜੀ ਦਾ ਵਿਆਹ ਡਾਲਾ ਪਿੰਡ ਦੇ ਗੁਰਤੇਜ ਸਿੰਘ ਉਰਫ ਟੇਕ ਸਿੰਘ ਨਾਲ ਹੋਇਆ । ਉਨ੍ਹਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਜਿਨ੍ਹਾਂ ਵਿੱਚੋਂ ਇੱਕ ਆਸਟਰੇਲੀਆ ਚ ਅੱਜ ਕੱਲ੍ਹ ਸਫ਼ਲ ਉੱਦਮੀ ਪੰਜਾਬੀ ਵਜੋਂ ਆਪਣੀ ਪਹਿਚਾਣ ਬਣਾ ਚੁੱਕਿਆ ਹੈ ਜਦਕਿ ਦੂਜਾ ਸਪੁੱਤਰ ਪੰਚਾਇਤ ਵਿਭਾਗ ਵਿੱਚ ਬਤੌਰ ਸਕੱਤਰ ਸੇਵਾਵਾਂ ਨਿਭਾ ਰਿਹਾ ਹੈ ,ਅਤੇ ਸਮੁੱਚੇ ਪਰਿਵਾਰ ਨੇ ਸਮਾਜ ਵਿੱਚ ਵਿਲੱਖਣ ਰੁਤਬਾ ਪ੍ਰਾਪਤ ਕੀਤਾ ਹੈ ।ਪਿੰਡ ਅਤੇ ਇਲਾਕੇ ਵਿੱਚ ਸਮੁੱਚੇ ਪਰਿਵਾਰ ਦੀ ਪਹਿਚਾਣ ਹਰ ਲੋੜਵੰਦ ਦੀ ਮੱਦਦ ਲਈ ਅੱਗੇ ਆਉਣ ਵਾਲੀ ਬਣੀ ਹੋਈ ਹੈ ।ਬੀਬੀ ਨਰਿੰਦਰ ਕੌਰ ਡਾਲਾ ਬੇਸ਼ੱਕ ਲੋਕਾਂ ਦਾ ਸਤਿਕਾਰ ਮਿਲਣ ਸਦਕਾ ਸਰਪੰਚ ਬਣੇ ,ਪਰ ਬਤੌਰ ਸਰਪੰਚ ਉਨ੍ਹਾਂ ਨੇ ਜਿਸ ਸਿਰੜ ਅਤੇ ਸਮਰਪਣ ਦੀ ਭਾਵਨਾ ਨਾਲ ਕਾਰਜ ਕੀਤੇ ਉਨ੍ਹਾਂ ਕਾਰਜਾਂ ਨੂੰ ਸਰਕਾਰ ਨੇ ਵੀ ਤਸਲੀਮ ਕੀਤਾ ਅਤੇ ਸਮੁੱਚੀ ਪੰਚਾਇਤ ਦੇ ਨਾਲ ਨਾਲ ਸਰਪੰਚ ਬੀਬੀ ਨਰਿੰਦਰ ਕੌਰ ਨੂੰ ਦਿੱਲੀ ਵਿਖੇ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ । ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਉੱਚੀਆਂ ਉਡਾਣਾਂ ਭਰਨ ਵਾਲੇ ਬੀਬੀ ਨਰਿੰਦਰ ਕੌਰ ਜਦੋਂ ਪਿਛਲੇ ਦਿਨੀਂ ਇੱਕ ਹੋਰ ਉਡਾਰੀ ਮਾਰਦਿਆਂ ਆਪਣੇ ਪੁੱਤਰ ਦੇ ਨਾਲ ਨਾਲ ਆਪਣੇ ਪੋਤਰੇ ਨੂੰ ਦੇਖਣ ਵਾਸਤੇ ਆਸਟਰੇਲੀਆ ਗਏ ਤਾਂ ਸ਼ਾਇਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ,ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ,ਆਸਟਰੇਲੀਆ ਵਿੱਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸਦਾ ਲਈ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ । ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਵਾਪਸ ਪਿੰਡ ਲਿਆਂਦਾ ਗਿਆ ਗਿਆ ਅਤੇ 31 ਮਈ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਵਗਦੇ ਦਰਿਆ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਦੋ ਜੂਨ ਦਿਨ ਐਤਵਾਰ ਨੂੰ ਪਿੰਡ ਡਾਲਾ ਦੇ ਹੀ ਡੇਰਾ ਤ੍ਰਿਵੇਣੀ ਵਿਖੇ ਇਲਾਕੇ ਭਰ ਤੋਂ ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਤੇ ਲੋਕ ,ਸਾਬਕਾ ਸਰਪੰਚ ,ਰਾਸ਼ਟਰੀ ਅਵਾਰਡ ਜੇਤੂ ,ਬੀਬੀ ਨਰਿੰਦਰ ਕੌਰ ਡਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


