ਝੁੱਗੀਆਂ ਝੌਪੜੀਆਂ ਵਾਲਿਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿਚ ਦਖਲ ਦੇਣ ਦੇ ਕੇਸ ਵਿਚੋਂ ਠਾਣਾ ਜੌਹਲ ਬਰੀ

* 50 ਲੱਖ ਰੁਪਏ ਦੇ ਮੁਆਵਜ਼ੇ ਲਈ ਮਾਣਹਾਨੀ ਦਾ ਮੁਕੱਦਮਾ ਕਰਾਂਗਾ : ਠਾਣਾ ਜੌਹਲ----
ਮੋਗਾ,1 ਜੂਨ (ਜਸ਼ਨ):ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਦਰਜ ਮੁਕੱਦਮੇਂ ਵਿਚੋਂ ਸੀਨੀਅਰ ਕਾਂਗਰਸੀ ਆਗੂ ਠਾਣਾ ਜੌਹਲ ਨੂੰ ਅੱਜ ਸੀ ਜੀ ਐੱਮ ਮੋਗਾ ਮੈਡਮ ਅਮਨਦੀਪ ਕੌਰ ਚਾਹਲ ਦੀ ਅਦਾਲਤ ਨੇ ਬਰੀ ਕਰ ਦਿੱਤਾ । ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਖਿਆ ਕਿ ਉਹਨਾਂ ਨੂੰ ਭਾਰਤੀ ਲੋਕਤੰਤਰ ਅਤੇ ਨਿਆਂ ਪਾਲਿਕਾ ਵਿਚ ਯਕੀਨ ਸੀ,ਹੈ ਅਤੇ ਰਹੇਗਾ ਅਤੇ ਅੱਜ ਇਸ ਫੈਸਲੇ ਨਾਲ ਉਹਨਾ ਦਾ ਸੱਚ ਵਿਚ ਹੋਰ ਵਿਸ਼ਵਾਸ਼ ਵਧਿਆ ਹੈ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਠਾਣਾ ਸਿੰਘ ਜੌਹਲ ਨੇ ਆਖਿਆ ਕਿ 2015 ਵਿਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਝੁੱਗੀ ਝੌਪੜੀਆਂ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਗਰੀਬ ਪਰਿਵਾਰਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਵਾਅਦਾ ਕੀਤਾ ਸੀ ਅਤੇ ਚੋਣਾਂ ਬਾਅਦ ਆਪਣੇ ਹੀ ਪਲਾਟ ਵਿਚ ਮੱਛੀ ਮੋਟਰ ਲਾ ਕੇ ਲੋੜਵੰਦਾਂ ਨੂੰ ਪਾਣੀ ਦੀ ਸਹੂਲਤ ਬਿੱਲਕੁੱਲ ਮੁੱਫਤ ਦਿੱਤੀ ਸੀ। ਉਹਨਾਂ ਦੋਸ਼ ਲਾਇਆ ਕਿ ਐੱਮ ਸੀ ਚੋਣਾਂ ਵਿਚ ਖੜੀ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਦਰਸ਼ਨ ਕੌਰ ਬਰਾੜ ਵੱਲੋਂ ਸਿਆਸੀ ਰੰਜਿਸ਼ ਕਰ ਕੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ। ਉਹਨਾਂ ਆਖਿਆ ਕਿ ਉਹਨਾਂ ਖਿਲਾਫ਼ ਸਿਟੀ ਮੋਗਾ ਇਕ ਵਿਚ ਵੱਖ ਵੱਖ ਧਾਰਾਵਾਂ ਤਹਿਤ ਸਰਕਾਰੀ ਕਰਮਚਾਰੀਆਂ ’ਤੇ ਤਾਕਤ ਦਾ ਪ੍ਰਯੋਗ ਕਰਨ ਅਤੇ ਉਹਨਾਂ ਦੇ ਕੰਮ ਵਿਚ ਵਿਘਨ ਪਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਬਾਰੇ ਅੱਜ ਮਾਣਯੋਗ ਜੱਜ ਸਾਹਿਬ ਵੱਲੋਂ ਫੈਸਲਾ ਦਿੰਦਿਆਂ ਉਹਨਾਂ ਨੂੰ ਬਰੀ ਕਰ ਦਿੱਤਾ। ਥਾਣਾ ਸਿੰਘ ਜੌਹਲ ਅਤੇ ਵੀਰਪਾਲ ਕੌਰ ਜੌਹਲ ਨੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਝੁੱਗੀ ਝੌਪੜੀਆਂ ‘ਚ ਰਹਿੰਦੇ ਪਰਿਵਾਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਭਾਵੇਂ ਜਿੱਤਣ ਜਾਂ ਹਾਰਨ ਗਰੀਬਾਂ ਨੂੰ ਪਾਣੀ ਹਰ ਹਾਲ ‘ਚ ਮੁਹੱਈਆ ਕਰਵਾਇਆ ਜਾਵੇਗਾ। ਇਸੇ ਵਾਅਦੇ ਨੂੰ ਪੂਰਾ ਕਰਨ ਲਈ ਝੁੱਗੀ ਝੌਪੜੀਆਂ ਦੇ ਆਸ਼ੀਆਨਿਆਂ ਕੋਲ ਥਾਣਾ ਸਿੰਘ ਜੌਹਲ ਦੀ ਨਿੱਜੀ ਮਲਕੀਅਤ ਦਾ ਪਲਾਟ ਪਿਆ ਸੀ । ਉਸ ਨੇ ਗਰੀਬਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਪਲਾਟ ਵਿਚ ਮੱਛੀ ਮੋਟਰ ਲਗਵਾ ਕੇ ਪਾਣੀ ਦੀ ਮੁਸ਼ਕਿਲ ਦਾ ਹੱਲ ਕਰ ਦਿੱਤਾ ਸੀ ਪਰ ਵਿਰੋਧੀ ਧਿਰ ਦੀ ਐੱਮ ਸੀ ਦਰਸ਼ਨ ਕੌਰ ਬਰਾੜ ਨੇ 2015 ਵਿਚ ਥਾਣਾ ਸਿੰਘ ਜੌਹਲ ਖਿਲਾਫ਼ ਪਰਚਾ ਦਰਜ ਕਰਵਾ ਦਿੱਤਾ ਸੀ । ਇਸ ਘਟਨਾਕਰਮ ਵਿਚ ਗਰੀਬਾਂ ਨੂੰ ਦਿੱਤੀ ਪਾਣੀ ਦੀ ਸੁਵਿਧਾ ਖਤਮ ਕਰਨ ਲਈ ਠਾਣਾ ਜੌਹਲ ਵੱਲੋਂ ਲਗਵਾਈਆਂ ਸਾਰੀਆਂ ਪਾਈਪਾਂ ਵੀ ਪੁੱਟਵਾ ਦਿੱਤੀਆਂ ਗਈਆਂ ਸਨ । ਅੱਜ ਦਾ ਇਹ ਫੈਸਲਾ ਆਉਣ ਉਪਰੰਤ ਠਾਣਾ ਜੌਹਲ ਨੇ ਆਖਿਆ ਕਿ ਸਿਆਸੀ ਕਾਰਨਾਂ ਕਰਕੇ ਉਹਨਾਂ ਨੂੰ ਬਿਨਾਂ ਵਜਹ ਪਰੇਸ਼ਾਨ ਕੀਤਾ ਗਿਆ ਹੈ ਇਸ ਕਰਕੇ ਉਹ ਮੌਜੂਦਾ ਐੱਮ ਸੀ ਦਰਸ਼ਨ ਕੌਰ ਬਰਾੜ,ਉਹਨਾਂ ਦੇ ਪਤੀ ਮਹਿੰਦਰ ਸਿੰਘ ਬਰਾੜ ,ਉਸ ਸਮੇਂ ਦੇ ਡੀ ਐੱਸ ਪੀ ਸੰਦੀਪ ਸ਼ਰਮਾ ਅਤੇ ਏ ਐੱਸ ਆਈ ਬਲਵਿੰਦਰ ਸਿੰਘ ਖਿਲਾਫ਼ ਮਾਣਹਾਨੀ ਦੇ 50 ਲੱਖ ਰੁਪਏ ਦੇ ਮੁਆਵਜ਼ੇ ਲਈ ਮੁਕੱਦਮਾ ਕਰਨਗੇ।


