ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਪੈਨਸ਼ਨਰਜ਼ ਯੂਨੀਅਨ ਵੀ ਨਿੱਤਰੀ ਮੈਦਾਨ ’ਚ

ਕੋਟਕਪੂਰਾ, 29 ਮਈ (TINKU ) :- ਉਦਯੋਗਿਕ ਇਕਾਈਆਂ ਵਲੋਂ ਸਰਕਾਰ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਾਲੀ ਸ਼ਰਮਨਾਕ ਕਾਰਵਾਈ ਨੂੰ ਨੱਥ ਪਾਉਣ ਲਈ ‘ਨਰੋਆ ਪੰਜਾਬ ਮੰਚ’ ਦੇ ਸੰਘਰਸ਼ ’ਚ ਇਨਸਾਨੀਅਤ ਦਾ ਦਰਦ ਸਮਝਣ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਵੀ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਉਹ ‘ਨਰੋਆ ਪੰਜਾਬ ਮੰਚ’ ਦੇ 2 ਜੂਨ ਦਿਨ ਐਤਵਾਰ ਨੂੰ ਕੱਢੇ ਜਾ ਰਹੇ ਚੇਤਨਾ ਮਾਰਚ ’ਚ ਜਥੇਬੰਦੀ ਵਲੋਂ ਸ਼ਮੂਲੀਅਤ ਕਰਨਗੇ। ਉਨਾ ਦੱਸਿਆ ਕਿ ਉਸ ਦਿਨ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਸਤਲੁਜ ਦਰਿਆ ਨੇੜੇ ਲੁਧਿਆਣਾ ਜਿਲੇ ਦੇ ਪਿੰਡਾਂ ਕਾਸਾਬਾਦ, 11:00 ਤੋਂ 12:00 ਵਜੇ ਪਿੰਡ ਗੋਸਪੁਰ, 12:30 ਵਜੇ ਤੋਂ 1:00 ਵਜੇ ਤੱਕ ਵਲੀਪੁਰ ਕਲਾਂ, 1:00 ਤੋਂ 2:00 ਵਜੇ ਤੱਕ ਸਤਲੁਜ ਬੰਨ ’ਤੇ ਸਮਾਪਤੀ ਵਾਲੇ ਸਾਰੇ ਪ੍ਰੋਗਰਾਮ ਦੌਰਾਨ ਚੇਤਨਾ ਮਾਰਚ ’ਚ ਜਥੇਬੰਦੀ ਦਾ ਪੂਰਨ ਸਹਿਯੋਗ ਰਹੇਗਾ। ਉਨਾ ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਰਥਾਤ ਦਰਿਆਵਾਂ ’ਚ ਵਗਦੇ ਸਾਫ ਸੁਥਰੇ ਪਾਣੀ ’ਚ ਸੁੱਟੇ ਜਾ ਰਹੇ ਗੰਦ ਨੂੰ ਰੋਕਣ ਲਈ ‘ਨਰੋਆ ਪੰਜਾਬ ਮੰਚ’ ਵਲੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵਸਦੇ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਕੀਤੀ ਗਈ ਅਪੀਲ ਨੂੰ ਭਰਪੂਰ ਹੁੰਗਾਰਾ ਦੇਣ ਦੀ ਬੇਨਤੀ ਵੀ ਕੀਤੀ। ਮੀਟਿੰਗ ’ਚ ਹਾਜਰ ਮਾ. ਸੋਮਨਾਥ ਅਰੋੜਾ, ਸੁਰਿੰਦਰ ਕੁਮਾਰ ਗੋਇਲ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਪਿ੍ਰੰ. ਦਰਸ਼ਨ ਸਿੰਘ ਆਦਿ ਨੇ ਪੰਜਾਬ ਦੇ ਗੰਧਲੇ ਹੋ ਰਹੇ ਪਾਣੀ ਨੂੰ ਬਚਾਉਣ ਲਈ ਹਰ ਜਾਤ-ਪਾਤ ਨਾਲ ਸਬੰਧਤ ਬੱਚਿਆਂ, ਬਜੁਰਗਾਂ, ਨੌਜਵਾਨਾਂ, ਮਰਦ/ਔਰਤਾਂ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਦੀ ਅਪੀਲ ਕੀਤੀ।