’ਤੇ ਹੁਣ ਜਗਮਗਾਏਗਾ ਮੋਗਾ,ਵਿਧਾਇਕ ਮੋਗਾ ਦੇ ਉਚੇਚੇ ਯਤਨਾਂ ਸਦਕਾ ਲਗਾਏ ਜਾਣ ਵਾਲੇ ਐਲ.ਈ.ਡੀ. ਬੱਲਬਾਂ ਨਾਲ ਹੋਵੇਗੀ 40 ਫ਼ੀਸਦੀ ਤੋਂ ਵੱਧ ਬਿਜਲੀ ਦੀ ਬੱਚਤ

ਮੋਗਾ 29 ਮਈ:(ਜਸ਼ਨ):ਵਿਧਾਇਕ ਮੋਗਾ ਡਾ: ਹਰਜੋਤ ਕਮਲ ਵੱਲੋਂ ਕੀਤੇ ਗਏ ਉਚੇਚੇ ਯਤਨਾਂ ਸਦਕਾ ਬਿਜਲੀ ਦੀ ਬੱਚਤ ਲਈ ਮੋਗਾ ਸ਼ਹਿਰ ਵਿੱਚ 11 ਹਜ਼ਾਰ ਰਵਾਇਤੀ ਸਟਰੀਟ ਲਾਈਟਾਂ ਨੂੰ ਨਵੇ ਐਲ.ਈ.ਡੀ. ਬੱਲਬਾਂ ਨਾਲ ਰੁਸ਼ਨਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਸ਼ਨੀ ਦੀ ਸਹੂਲਤ ਦੇਣ ਲਈ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਨਿਵੇਕਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਹਲਕਾ ਮੋਗਾ ਦੇ ਵਿਧਾਇਕ. ਡਾ. ਹਰਜੋਤ ਕਮਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਐਲ.ਈ.ਡੀ. ਬੱਲਬਾਂ ਨਾਲ ਸਟਰੀਟ ਲਾਈਟਾਂ ਨੂੰ ਜਗਮਗਾਉਣ ਦਾ ਇਹ ਉਪਰਾਲਾ ਬਿਜਲੀ ਦੀ ਬੱਚਤ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਪਹਿਲ-ਕਦਮੀ ਨਾਲ 40 ਪ੍ਰਤੀਸ਼ਤ ਤੋਂ ਵੱਧ ਬਿਜਲੀ ਦੀ ਬੱਚਤ ਹੋਵੇਗੀ, ਜਿਸ ਨਾਲ ਨਗਰ ਨਿਗਮ ‘ਤੇ ਪਏ ਬਿਜਲੀ ਦੇ ਬਿੱਲਾਂ ਦਾ ਭਾਰੀ ਬੋਝ ਵੀ ਘਟੇਗਾ। ਵਿਧਾਇਕ ਡਾ. ਹਰਜੋਤ ਕਮਲ ਨੇ ਅੱਗੇ ਦੱਸਿਆ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਜੈਕਟ ਚੰਡੀਗੜ ਸਥਿਤ ਪੀ.ਸੀ.ਪੀ. ਇੰਟਰਨੈਸ਼ਨਲ ਕੰਪਨੀ ਨੂੰ ਸੌਪਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਕੰਪਨੀ ਵੱਲੋਂ ਨਗਰ ਨਿਗਮ ਮੋਗਾ ਦੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਜਿਵੇ ਕਿ ਰੇਲਵੇ ਰੋਡ, ਜੋਗਿੰਦਰ ਸਿੰਘ ਚੌਕ, ਨਿਊ ਟਾਊਨ ਅਤੇ ਮੇਨ ਬਾਜ਼ਾਰ ਵਿੱਚ ਵੱਖ-ਵੱਖ ਬਿਜਲੀ ਦੀ ਸਮਰੱਥਾ ਵਾਲੇ 20 ਐਲ.ਈ.ਡੀ. ਬੱਲਬ ਲਗਾ ਕੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ ਐਲ.ਈ.ਡੀ. ਬੱਲਬਾਂ ਦੇ ਚਾਨਣ ਦੀ ਤੀਬਰਤਾ ‘ਤੇ ਸੰਤੁਸ਼ਟੀ ਪ੍ਰਗਟਾਉਦਿਆਂ ਕਿਹਾ ਕਿ ਇਹ ਕੰਪਨੀ ਸੱਤ ਸਾਲਾਂ ਲਈ ਇਨਾਂ ਲਾਈਟਾਂ ਦੇ ਰੱਖ-ਰਖਾਓ ਲਈ ਵੀ ਜ਼ਿੰਮੇਵਾਰ ਹੋਵੇਗੀ। ਉਨਾਂ ਕਿਹਾ ਕਿ ਸਬੰਧਤ ਕੰਪਨੀ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਹਰ 70-80 ਫੁੱਟ ਦੀ ਦੂਰੀ ਤੋਂ ਬਾਅਦ ਸੜਕ ‘ਤੇ ਚਾਨਣ ਨਜ਼ਰ ਆਵੇ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਕਿਸੇ ਵੀ ਕੋਨੇ ਵਿੱਚ ਹਨੇਰੇ ਦਾ ਸਾਹਮਣਾ ਨਾ ਕਰਨਾ ਪਵੇ।


