ਪੁਲਿਸ ਮੁਕਾਬਲੇ ‘ਚ ਮੋਸਟ ਵਾਂਟੇਡ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਸਿੰਘ ਮਾਨਾ ਗਿ੍ਰਫਤਾਰ,ਚਾਰ ਪਿਸਤੌਲ,ਇਕ ਰਿਵਾਲਵਰ,ਪਾਈਪ ਐਕਸ਼ਨ ਗੰਨ ਅਤੇ ਗੋਲੀ ਸਿੱਕਾ ਬਰਾਮਦ,ਪੰਜਾਬ ‘ਚ ਪਹਿਲੀ ਵਾਰ ਗੈਂਗਸਟਰਾਂ ਕੋਲੋਂ ਬੁਲੈਟ ਪਰੂਫ ਜੈਕਟ ਬਰਾਮਦ
ਬਟਾਲਾ,28 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਗੁਰਦਾਸਪੁਰ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਸਿੰਘ ਮਾਨਾ ਨੂੰ ਗਿ੍ਰਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗੈਂਗਸਟਰ ਸ਼ੁਭਮ ਨੇ 21 ਅਕਤੂਬਰ 2017 ਨੂੰ ਦਿਨ ਦਿਹਾੜੇ ਹਿੰਦੂ ਸੰਘਰਸ਼ ਸੇਨਾ ਦੇ ਪ੍ਰਧਾਨ ਵਿਪਿਨ ਸ਼ਰਮਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਬਟਾਲਾ ਪੁਲਿਸ ਨੇ ਅੱਜ ਕੀਤੀ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਟੀ ਪੁਆਇੰਟ ਘਾੜਕੀਆਂ ਮੋੜ ’ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਸਫੈਦ ਰੰਗ ਦੀ ਆਈ -20 ਕਾਰ ਨੂੰ ਨਾਕੇ ’ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਮਨਪ੍ਰੀਤ ਸਿੰਘ ਅਤੇ ਸ਼ੁਭਮ ਨੇ ਨਾਕੇ ’ਤੇ ਤੈਨਾਤ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ।
ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ ਕੀਤੇ ਜਾਣ ’ਤੇ ਦੋਸ਼ੀ ਪੱਬਾਰਾਲੀ ਵਾਲੇ ਪਾਸੇ ਨੂੰ ਫਰਾਰ ਹੋ ਗਏ,ਜਿਸ ’ਤੇ ਫਤਿਹਗੜ ਚੂੜੀਆਂ ਦੇ ਉੱਪ ਕਪਤਾਨ ਪੁਲਿਸ ਬਲਵੀਰ ਸਿੰਘ ਵੱਲੋਂ ਸਮੇਤ ਟੀਮ ਉਹਨਾਂ ਦਾ ਕਰੀਬ 10 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਤਾਂ ਦੋਸ਼ੀਆਂ ਨੇ ਪੱਬਾਰਾਲੀ ਨੇੜੇ ਗੱਡੀ ਛੱਡ ਕੇ ਉੱਥੇ ਕਿਸੇ ਰਾਹਗੀਰ ਦਾ ਮੋਟਰਸਾਈਕਲ ਖੋਹ ਲਿਆ ਤੇ ਫਰਾਰ ਹੋ ਗਏ,ਪਰ ਪੁਲਿਸ ਵੱਲੋਂ ਕੀਤੇ ਪਿੱਛੇ ਦੌਰਾਨ ਦੋਹਾਂ ਧਿਰਾਂ ਵਿਚਾਲੇ ਫਾਇਰਿੰਗ ਹੋਈ ਤੇ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕਰ ਲਈ। ਦੋਨਾਂ ਗੈਂਗਸਟਰਾਂ ਕੋਲੋਂ ਇਕ ਬਰੇਟਾ ਪਿਸਤੌਲ,3 ਪਿਸਤੌਲ 32 ਬੋਰ, ਇਕ ਮੈਗਨਮ ਪਾਈਥਨ ਰਿਵਾਲਵਰ,12 ਬੋਰ ਦੀ ਇਕ ਪੰਪ ਐਕਸ਼ਨ ਰਾਈਫਲ,ਬੁਲੈਟ ਪਰੂਫ ਜੈਕਟ ਅਤੇ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗੈਂਗਸਟਰ ਸ਼ੁਭਮ ਪੁੱਤਰ ਬਲਜਿੰਦਰ ਸਿੰਘ ਵਾਸੀ ਫਰੈਡਜ਼ ਕਾਲੋਨੀ ਅੰਮਿ੍ਰਤਸਰ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ‘ਚ ਕਤਲ ਤੋਂ ਇਲਾਵਾ ਬੈਂਕ ਡਕੈਤੀਆਂ ‘ਚ ਲੱਖਾਂ ਰੁਪਏ ਲੁੱਟਣ ਦੇ ਮਾਮਲੇ ਦਰਜ ਹਨ । ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -