ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ ਲਈ ਅਮਿ੍ਰਤਸਰ ਵਿਖੇ ਜਨ ਰੈਲੀ ਨੂੰ ਕੀਤਾ ਸੰਬੋਧਨ

ਅਮਿ੍ਰਤਸਰ,12 ਮਈ (ਨਿੱਜੀ ਪੱਤਰ ਪਰੇਰਕ): ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਅਮਿ੍ਰਤਸਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅਮਿ੍ਰਤਸਰ ਦੇ ਰਣਜੀਤ ਐਵੀਨਿਯੂ ‘ਚ ਇਕ ਜਨ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ।
ਸ਼ਾਮ ਸਮੇਂ ਹੋਈ ਇਸ ਰੈਲੀ ‘ਚ ਕੈਪਟਨ ਅਭੀਮਨਿਯੂ,ਵਿਜੇ ਸਾਂਪਲਾ,ਹਰਦੀਪ ਸਿੰਘ ਪੁਰੀ, ਡਾ:ਰਮੇਸ਼ ਪੋਖਰੀਆਲ ਸਾਬਕਾ ਮੁੱਖ ਮੰਤਰੀ ਝਾਰਖੰਡ,ਪ੍ਰਭਾਤ ਝਾਅ,ਬਿਕਰਮ ਮਜੀਠੀਆ,ਅਵਿਨਾਸ਼ ਰਾਏ ਖੰਨਾ,ਦਿਨੇਸ਼ ਕੁਮਾਰ,ਐਸ ਐਸ ਚੰਨੀ , ਅਨਿਲ ਜੋਸ਼ੀ ਅਤੇ ਵੀਰ ਸਿੰਘ ਲੋਪੋਕੇ ਸ਼ਾਮਲ ਹੋਏ। ਇਸ ਮੌਕੇ ਅਮਿਤ ਸ਼ਾਹ ਨੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਅਤੇ ਅੰਮਿ੍ਰਤਸਰ ਦੀ ਪਵਿੱਤਰ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਨੂੰ ਨਮਸਕਾਰ ਕਰਨ ਉਪਰੰਤ ਆਪਣਾ ਭਾਸ਼ਣ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਸਾਰਾ ਦੇਸ਼ ਮੋਦੀ ਮੋਦੀ ਦੇ ਨਾਅਰੇ ਲਗਾ ਰਿਹਾ ਹੈ ਜੋ ਦੇਸ਼ਵਾਸੀਆਂ ਦਾ ਨਰਿੰਦਰ ਮੋਦੀ ਪ੍ਰਤੀ ਪਿਆਰ ਤੇ ਵਿਸ਼ਵਾਸ਼ ਦਾ ਪ੍ਰਗਟਾਵਾ ਹੈ । ਉਹਨਾਂ ਕਿਹਾ ਕਿ ਪਾਰਟੀ ਨੇ ਬੇਹੱਦ ਕਾਬਲ ਸ਼ਖਸੀਅਤ ਹਰਦੀਪ ਸਿੰਘ ਪੁਰੀ ਨੂੰ ਐੱਮ ਪੀ ਬਣਾਉਣ ਲਈ ਅਮਿ੍ਰਤਸਰ ਭੇਜਿਆ ਹੈ ਤੇ ਉਹ ਆਸ ਕਰਦੇ ਹਨ ਕਿ ਅਮਿ੍ਰਤਸਰ ਦੇ ਲੋਕ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਜ਼ਰੂਰ ਭੇਜਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਰਹੀ ਉਸ ਸਮੇਂ ਬਾਦਲ ਸਾਹਿਬ ਦੀ ਅਗਵਾਈ ਹੇਠ ਸੂਬੇ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਗਈ ਤੇ ਹੁਣ ਕਾਂਗਰਸ ਦੇ ਰਾਜ ਵਿਚ ਵਿਕਾਸ ਕੰਮਾਂ ਵਿਚ ਖੜੋਤ ਆ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਬਣਾਇਆ ਗਿਆ ਵਿਰਾਸਤੀ ਮਾਰਗ, ਵਾਲਮੀਕਿ ਤੀਰਥ ਅਤੇ ਅੰਮਿ੍ਰਤਸਰ ਲਈ 1800 ਕਰੋੜ ਦੀ ਗਰਾਂਟ ਦਿੱਤੀ ਗਈ । ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਕਰਤਾਰਪੁਰ ਸਾਹਿਬ 6 ਕਿਲੋਮੀਟਰ ਦੂਰ ਰਹਿ ਗਿਆ ਸੀ ਤੇ ਜੇਕਰ ਉਸ ਵੇਲੇ ਹੁਕਮਰਾਨ ਯਤਨ ਕਰਦੇ ਤਾਂ ਕਰਤਾਰਪੁਰ ਦਾ ਲਾਂਘਾ ਬਣਾਉਣ ਦੀ ਲੋੜ ਹੀ ਨਾ ਪੈਂਦੀ। ਉਹਨਾਂ ਕਿਹਾ ਕਿ ਕੇਂਦਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਰਬ ’ਤੇ ਜਿੱਥੇ ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜਾ ਦੇਣ ਦੀ ਤਜਵੀਜ਼ ਦਿੱਤੀ ਗਈ ਹੈ ਉੱਥੇ ਸੁਲਤਾਨਪੁਰ ਲੋਧੀ ਵਿਖੇ ‘ਪਿੰਡ ਬਾਬੇ ਨਾਨਕ ਦਾ ’ ਵਿਰਾਸਤੀ ਕੰਪਲੈਕਸ ਬਣਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਅਤੇ ਉਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 1984 ਦੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਲਈ ਸਿੱਖ ਪਿਛਲੇ ਕਈ ਦਹਾਕਿਆਂ ਤੋਂ ਉਡੀਕ ਕਰ ਰਹੇ ਸਨ। ਆਖੀਰ ਵਿਚ ਉਹਨਾਂ ਕਾਂਗਰਸ ਦੇ ਸੇਮ ਪਟਰੋਦਾ ਵਲੋਂ ਦਿੱਤੇ ਬਿਆਨ ‘ਹੂਆ ਸੋ ਹੂਆ ’ ਦੇ ਬਿਆਨ ’ਤੇ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਦੇ ਇਸ ਬਿਆਨ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਹਨਾਂ ਰੈਲੀ ਦੇ ਅੰਤ ਵਿਚ ਅਮਿ੍ਰਤਸਰ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਜਿਤਾਉਣ ਦੀ ਅਪੀਲ ਕੀਤੀ।


