ਪ੍ਰੋ: ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਹੋਇਆ ਹਮਲਾ,ਬਲਜਿੰਦਰ ਕੌਰ ਲੋਕ ਸਭਾ ਹਲਕਾ ਬਠਿੰਡਾ ਲਈ ਬੀਬੀ ਹਰਸਿਮਰਤ,ਖਹਿਰਾ ਅਤੇ ਰਾਜਾ ਵੜਿੰਗ ਦੇ ਖਿਲਾਫ਼ ਨਿਤਰੇ ਨੇ ਚੋਣ ਮੈਦਾਨ ‘ਚ

ਬਠਿੰਡਾ ,11 ਮਈ (ਇੰਟਰਨੈਸ਼ਨਲ ਪੰਜਾਬੀ ਨਿੳੂਜ਼): ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਅਚਾਨਕ ਅਣਪਛਾਤਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ । ਪ੍ਰੋ: ਬਲਜਿੰਦਰ ਕੌਰ 11 ਵਜੇ ਦੇ ਕਰੀਬ ਆਪਣੀ ਆਖਰੀ ਮੀਟਿੰਗ ਖਤਮ ਕਰਕੇ ਵਾਪਸ ਤਲਵੰਡੀ ਸਾਬੋ ਨੂੰ ਪਰਤ ਰਹੇ ਸਨ ਕਿ ਜਦੋਂ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਵੱਡੀ ਤਾਦਾਦ ਵਿਚ ਖੜ੍ਹੇ ਨੌਜਵਾਨਾਂ ਨੇ ਉਹਨਾਂ ਦੀ ਗੱਡੀ ’ਤੇ ਹਮਲਾ ਕਰ ਦਿੱਤਾ । ਪ੍ਰਤੱਖ ਦਰਸ਼ੀਆਂ ਮੁਤਾਬਕ ਉਹਨਾਂ ਨੇ ਦੇਖਿਆ ਕਿ ਪ੍ਰੋ: ਬਲਜਿੰਦਰ ਕੌਰ ਦੀ ਗੱਡੀ ਦੇ ਨੂੰ ਘੇਰਾ ਪਾ ਕੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਗਾਲੀ ਗਲੋਚ ਕੀਤੀ । ਉਹਨਾਂ ਦੱਸਿਆ ਕਿ ਬਲਜਿੰਦਰ ਕੌਰ ਦੇ ਸਕਿਓਰਟੀ ਗਾਰਡਾਂ ਨਾਲ ਵੀ ਅਣਪਛਾਤੇ ਨੌਜਵਾਨਾਂ ਨੇ ਹੱਥਾ ਪਾਈ ਕੀਤੀ । ਇਸ ਉਪਰੰਤ ਉੱਥੇ ਮੌਜੂਦ ਲੋਕਾਂ ਨੇ ਹਮਲਾਵਰਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵਿਚੋਂ ਕਈ ਉੱਥੋਂ ਭੱਜ ਗਏ। ਇਸ ਉਪੰਰਤ ਬਲਜਿੰਦਰ ਕੌਰ ਨੇ ਉੱਥੇ ਧਰਨਾ ਦੇ ਦਿੱਤਾ ਅਤੇ ਪ੍ਰਸ਼ਾਸਨ ’ਤੇ ਗਿਲਾ ਕੀਤਾ ਕਿ ਮਾਡਲ ਕੋਡ ਆਫ਼ ਕੰਡਕਟ ਲੱਗਣ ਦੇ ਬਾਵਜੂਦ ਠੇਕੇ ਰਾਤ 11 ਵਜੇ ਤੱਕ ਖੁਲ੍ਹੇ ਸੀ । ਉਹਨਾਂ ਦੱਸਿਆ ਕਿ 50 -60 ਵਿਅਕਤੀਆਂ ਨੇ ਧੱਕੇ ਨਾਲ ਮੋਟਰਸਾਈਕਲ ਗੱਡੀਆਂ ਦੇ ਮੂਹਰੇ ਲਾ ਲਏ। ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਇਸ ਤੋਂ ਪਹਿਲਾਂ ਵੀ ਐੱਸ ਐੱਸ ਪੀ ਦੇ ਧਿਆਨ ਵਿਚ ਲਿਆਂਦਾ ਸੀ ਕਿ ਉਹਨਾਂ ਦੇ ਕਾਫਲੇ ਦਾ ਅਕਸਰ ਪਿੱਛਾ ਕੀਤਾ ਜਾਂਦਾ ਹੈ ਅਤੇ ਪਿੰਛਾ ਕਰ ਰਹੀਆਂ ਗੱਡੀਆਂ ਦੀ ਫੋਟੋ ਵੀ ਖਿੱਚ ਕੇ ਭੇਜੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ । ਉਹਨਾਂ ਇਹ ਵੀ ਕਿਹਾ ਕਿ ਜੇ ਸੂਬੇ ਵਿਚ ਮਹਿਲਾਵਾਂ ਸੁਰੱਖਿਅਤ ਨਹੀਂ ਤਾਂ ਸਰਕਾਰ ਅਤੇ ਪ੍ਰਸਾਸ਼ਨ ਦੀ ਸ਼ਰੇਆਮ ਨਲਾਇਕੀ ਹੈ । ਉਹਨਾਂ ਗੁੱਸਾ ਜ਼ਾਹਰ ਕਰਦਿਆਂ ਆਖਿਆ ਕਿ ਉਹਨਾਂ ਨੂੰ ਇਕ ਘੰਟਾ ਹੋ ਗਿਆ ਇੱਥੇ ਧਰਨਾ ਦਿੱਤੇ ਨੂੰ ਪਰ ਹਾਲੇ ਤੱਕ ਕੋਈ ਪ੍ਰਸਾਸ਼ਨ ਦਾ ਅਧਿਕਾਰੀ ਉੱਥੇ ਨਹੀਂ ਪਹੰੁਚਿਆ। ਇਸ ਉਪਰੰਤ ਕੁਝ ਸਮੇਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਧਰਨਾ ਚੁੱਕਣ ਦੀ ਬੇਨਤੀ ਕੀਤੀ ਪਰ ਪ੍ਰੋ: ਬਲਜਿੰਦਰ ਕੌਰ ਨੇ ਸਾਫ਼ ਮਨਾ ਕਰ ਦਿੱਤਾ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਫੇਸਬੁੱਕ ’ਤੇ ਲਾਈਵ ਹੁੰਦਿਆਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਜੁਗਲਬੰਦੀ ਨਾਲ ਚੋਣਾਂ ਲੜ ਰਹੇ ਹਨ ਅਤੇ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਨਾਲ ਬਠਿੰਡਾ ਤੋਂ ਹਰਸਿਮਰਤ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਜਿੱਤ ਸਕੇ।


