ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਾਈਕਲ ਚਲਾ ਕੇ ਕੀਤੀ ਵੋਟਿੰਗ ਦੀ ਅਪੀਲ

ਫਿਰੋਜ਼ਪੁਰ 11 ਮਈ (ਸੰਦੀਪ ਕੰਬੋਜ ਜਈਆ): ਲੋਕ ਸਭਾ ਚੋਣਾ ਵਿਚ ਫਿਰੋਜ਼ਪੁਰ ਜ਼ਿਲ੍ਹੇ ਨੂੰ ਮਤਦਾਨ ਦੇ ਮੱਦੇਨਜ਼ਰ ਮੋਹਰੀ ਜ਼ਿਲ੍ਹੇ ਵਿਚ ਸ਼ੁਮਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ  ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਡਿਪਟੀ ਕਮਿਸ਼ਨਰ ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਚੰਦਰ ਗੈਂਦ ਨੇ ਖ਼ੁਦ ਸਾਈਕਲ ਚਲਾ ਕੇ ਵੋਟਿੰਗ ਦੀ ਅਪੀਲ ਕੀਤੀ।ਉਨ੍ਹਾਂ ਨੇ ਰਸਤੇ ਵਿਚ ਕਈ ਜਗ੍ਹਾ ਤੇ ਰੁਕ ਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾ ਵਿਚ ਹਰ ਇੱਕ ਵੋਟ ਮਾਅਨੇ ਰੱਖਦਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਦਿਵਿਆਗ ਵੋਟਰਾਂ ਪੋਲਿੰਗ ਬੂਥਾਂ ਤੇ ਵ੍ਹੀਲ ਚੇਅਰ, ਵਲੰਟੀਅਰ ਸਹਾਇਕ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋ ਇਲਾਵਾ ਇਸ ਤਰ੍ਹਾਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਤਾਂਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਵੋਟਿੰਗ ਪ੍ਰਤੀਸ਼ਤ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਿਸ ਇਲਾਕੇ ਵਿਚ ਪਿਛਲੇ ਚੋਣਾ ਦੌਰਾਨ ਮਤਦਾਨ ਘੱਟ ਸੀ ਉੱਥੇ ਖ਼ਾਸ ਧਿਆਨ ਰੱਖਿਆਂ ਜਾ ਰਿਹਾ ਹੈ। ਰੈਲੀ ਸ਼ਹੀਦ ਭਗਤ ਸਿੰਘ ਸਟੇਡੀਅਮ ਤੋ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੋਕ, ਮੋਦੀ ਮਿਲ,ਕਸੂਰੀ ਗੇਟ, ਅੰਮ੍ਰਿਤਸਰੀ  ਗੇਟ,ਬਾਸੀ ਗੇਟ, ਮਖੂ ਗੇਟ, ਜ਼ੀਰਾ ਗੇਟ, ਬਗ਼ਦਾਦੀ ਗੇਟ ਤੋ ਹੁੰਦੀ ਹੋਈ ਵਾਪਸ ਸ਼ਹੀਦ ਊਧਮ ਸਿੰਘ ਚੌਕ, ਮੱਲਵਾਲ ਰੋਡ, ਭਗਤ ਨਾਮਦੇਵ ਚੌਕ, ਅਨਿਲ ਬਾਰੀ ਰੋਡ, ਸੈਂਟਰਲ ਜੇਲ੍ਹ ਰੋਡ ਤੋ ਹੁੰਦੀ ਹੋਈ ਵਾਪਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚ ਕਰ ਸਮਾਪਤ ਹੋਈ। ਸਾਈਕਲ ਰੈਲੀ ਦੇ ਰੂਟ ਵਿਚ ਵੱਖ-ਵੱਖ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਠੰਢੇ ਪਾਣੀ, ਚਾਹ ਆਦਿ ਦਾ ਇੰਤਜ਼ਾਮ ਕੀਤਾ ਗਿਆ।ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਨੀਆ ਭਰ ਵਿਚ ਕਈ ਐਸੇ ਦੇਸ਼ ਹੈ, ਜਿੱਥੇ ਲੋਕਾਂ ਕੋਲ ਵੋਟ ਦਾ ਅਧਿਕਾਰ ਨਹੀਂ। ਉੱਥੇ ਸਰਕਾਰਾਂ ਚੁਣਿਆਂ ਨਹੀਂ ਜਾਂਦੀਆਂ ਅਤੇ ਲੋਕਤੰਤਰਿਕ ਵਿਵਸਥਾ ਨਹੀਂ ਹੈ। ਪਰ ਸਾਡੇ ਦੇਸ਼ ਵਿਚ ਆਡੇ ਪੂਰਵਜਾਂ ਦੀ ਦੂਰਅੰਦੇਸ਼ੀ ਦੀ ਬਦੌਲਤ ਸਾਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਹੈ, ਪਰ ਲੋਕ ਇਸ ਦਾ ਮਹੱਤਵ ਨਹੀਂ ਸਮਝ ਰਹੇ। ਇਹ ਵਜ੍ਹਾ ਹੈ ਕਿ ਮਤਦਾਨ ਵਾਲੇ ਦਿਨ ਲੋਕ ਵੋਟਿੰਗ ਕਰਨ ਨਹੀਂ ਆਉਂਦੇ। ਖ਼ਾਸ ਕਰ ਪੜੇ-ਲਿਖੇ ਅਤੇ ਸ਼ਹਿਰੀ ਇਲਾਕੇ ਵਿਚ ਇਸ ਤਰ੍ਹਾਂ ਦੀ ਸਮੱਸਿਆ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਲੋਕਾਂ ਨੂੰ 19 ਮਈ ਨੂੰ ਮਤਦਾਨ ਦਿਵਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਅਤੇ ਖੁੱਲ ਕੇ ਮਤਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਸਾਈਕਲ ਰੈਲੀ ਨੂੰ ਕਾਮਯਾਬ ਕਰਨ ਲਈ ਸ਼ਹਿਰ ਦੇ ਸਮਾਜ ਸੇਵੀ ਸੰਗਠਨਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰ. ਰਣਜੀਤ ਸਿੰਘ, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ ਸਤਿੰਦਰ ਸਿੰਘ, ਡਾ.ਬੀਰਪ੍ਰਤਾਪ ਸਿੰਘ ਗਿੱਲ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਸ਼ਰਮਾ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਅਸ਼ੋਕ ਬਹਿਲ, ਚਾਂਦ ਪ੍ਰਕਾਸ਼ ਇਲੈੱਕਸ਼ਨ ਤਹਿਸੀਲਦਾਰ ਸਮੇਤ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।