ਪਟਿਆਲਾ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਜਸਪ੍ਰੀਤ 95.78 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ‘ਚ 17ਵੇਂ ਸਥਾਨ ‘ਤੇ ਕਾਬਜ਼

ਪਟਿਆਲਾ ,11 ਮਈ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬੜੀ ਹੀ ਬਿਹਤਰ ਰਹੀ। ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ ਪਟਿਆਲਾ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਜਸਪ੍ਰੀਤ ਨੇ 450 ਵਿਚੋਂ 431 ਅੰਕਾਂ ਨਾਲ 95.78 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਮੈਰਿਟ ਸੂਚੀ ਵਿੱਚ 17ਵਾਂ ਸਥਾਨ ਕਾਬਜ਼ ਕੀਤਾ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਜਰਨੈਲ ਸਿੰਘ ਕਾਲੇਕੇ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਨੂੰ ਉਸਦੀ ਪ੍ਰਾਪਤੀ ਲਈ ਸਨਮਾਨਿਤ ਕੀਤਾ। ਸਕੂਲ ਪਿ੍ਰੰਸੀਪਲ ਨੇ ਵਿਦਿਆਰਥਣ ਨੂੰ ਸ਼ਾਬਾਸ਼ ਦਿੰਦੇ ਹੋਏ  ਕਿਹਾ ਕਿ ਸਕੂਲ ਦੀ ਵਿਦਿਆਰਥਣ ਨੇ ਮੈਰਿਟ ਸੂਚੀ ਵਿੱਚ ਸਥਾਨ ਬਣਾ ਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਸਮੁੱਚੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਮੂਹ ਅਧਿਆਪਕ ਸਾਹਿਬਾਨਾਂ ਦੁਆਰਾ ਪਾਠਕ੍ਰਮ ਦੀ ਸੂਖਮ ਅਤੇ ਯੋਗ ਯੋਜਨਾਬੰਦੀ ਤਹਿਤ ਕਰਵਾਈ ਤਿਆਰੀ ਸਦਕਾ ਹੀ ਸੰਭਵ ਹੋਇਆ ਹੈ। ਇਸ ਮੌਕੇ ਸ੍ਰੀ ਰਾਮ ਲਾਲ ਗੋਇਲ ਲੈਕਚਰਾਰ, ਅਧਿਆਪਕ ਸੁਖਦੀਪ ਸਿੰਘ, ਮੈਡਮ ਮਨੂੰ ਵੈਸ਼,ਮੈਡਮ ਪੁਸ਼ਪਿੰਦਰ ਕੌਰ ਅਤੇ ਮੈਡਮ ਸਮੀਰਾ ਮਲਿਕ ਵੀ ਮੌਜੂਦ ਸਨ।