ਦਰਿਆਈ ਪਾਣੀਆਂ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ 12 ਮਈ ਨੂੰ ਮਾਲਵੇ ਦੇ ਸਮਾਜ ਸੇਵੀ ਕਰਨਗੇ ਵਿਚਾਰਾਂ

ਮੋਗਾ,11 ਮਈ (ਜਸ਼ਨ):ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਦਰਿਆਈ ਪਾਣੀਆਂ ਵਿੱਚ ਵਧ ਰਹੇ ਪ੍ਦੂਸ਼ਣ ਅਤੇ ਖਤਮ ਹੋ ਰਹੇ ਕੁਦਰਤੀ ਸਰੋਤਾਂ ਸਬੰਧੀ ਪਿਛਲੇ ਕਈ ਸਾਲਾਂ ਤੋਂ ਲੜੀ ਜਾ ਰਹੀ ਲੜਾਈ ਹੁਣ ਵਿਸ਼ਾਲ ਰੂਪ ਧਾਰਨ ਕਰਨ ਜਾ ਰਹੀ ਹੈ ਤੇ ਹੁਣ ਪੰਜਾਬ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਰਲ ਬੈਠ ਕੇ ਆਪਣਾ ਪ੍ਰੋਗਰਾਮ ਉਲੀਕ ਕੇ ਸਰਕਾਰ ਨੂੰ ਇਸ ਸਬੰਧੀ ਸਖਤ ਕਦਮ ਚੁੱਕਣ ਲਈ ਮਜਬੂਰ ਕਰਨਗੀਆਂ । ਇਸ ਸਬੰਧੀ 12 ਮਈ ਨੂੰ ਗੁਰੂ ਨਾਨਕ ਕਾਲਜ ਮੋਗਾ ਦੇ ਆਡੀਟੋਰੀਅਮ ਵਿੱਚ ਪੰਜਾਬ ਭਰ ਤੋਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ ਦੀ ਮੋਗਾ ਇਕਾਈ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਹ ਮੀਟਿੰਗ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗੀ । ਇਸ ਮੀਟਿੰਗ ਵਿੱਚ ਉਘੇ ਪੱਤਰਕਾਰ ਅਤੇ ਲੇਖਕ ਸਤਨਾਮ ਮਾਣਕ, ਉਘੇ ਖੋਜੀ ਅਤੇ ਸਮਾਜ ਸੇਵੀ ਡਾ. ਅਮਰ ਸਿੰਘ ਅਜਾਦ, ਉਘੇ ਪੱਤਰਕਾਰ ਬਲਤੇਜ ਪੰਨੂੰ, ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ, ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ, ਗੁਰਚਰਨ ਨੂਰਪੁਰ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਆਪਣੇ ਵਿਚਾਰ ਪੇਸ਼ ਕਰਨਗੇ । ਇਸ ਮੌਕੇ ਮੋਗਾ ਜਿਲੇ ਦੀਆਂ ਸ਼ਾਮਿਲ ਸਮਾਜ ਸੇਵੀ ਸੰਸਥਾਵਾਂ ਦਾ ਵੀ ਇੱਕ ਨੁਮਾਇੰਦਾ ਇਸ ਵਿਸ਼ੇ ਤੇ ਆਪਣੇ ਸੁਝਾਅ ਪੇਸ਼ ਕਰੇਗਾ, ਜਿਸ ਤੋਂ ਬਾਅਦ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ । ਮਹਿੰਦਰ ਪਾਲ ਲੂੰਬਾ ਨੇ ਮੋਗਾ ਜਿਲੇ ਨਾਲ ਸਬੰਧਿਤ ਪੇਂਡੂ ਅਤੇ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮੀਟਿੰਗ ਵਿੱਚ ਸ਼ਿਰਕਤ ਕਰਕੇ ਆਪਣੇ ਸੁਝਾਅ ਪੇਸ਼ ਕਰਨ ਦੀ ਅਪੀਲ ਕੀਤੀ ।