35 ਸਾਲਾ ਲੜਕੀ ਦੀ ਭੇਦਭਰੇ ਹਾਲਾਤ ‘ਚ ਮੌਤ,ਭਰਾ ਨੇ ਜੀਜੇ ’ਤੇ ਲਗਾਏ ਕਤਲ ਦੇ ਦੋਸ਼

Tags: 

ਮੋਗਾ,8 ਮਈ (ਜਸ਼ਨ): ਮੋਗਾ ਦੇ ਪਿਵੰਡ ਮਹੇਸ਼ਰੀ ਸੰਧੂਆਂ ਵਿਖੇ ਅੱਜ ਸ਼ੱਕੀ ਹਾਲਾਤ ਵਿਚ 35 ਸਾਲਾ ਲੜਕੀ ਦੀ ਮੌਤ ਹੋਣ ’ਤੇ ਲੜਕੀ ਦੇ ਭਰਾ ਨੇ ਲੜਕੀ ਦੇ ਪਤੀ ’ਤੇ ਉਸ ਨੂੰ ਜਾਨੋਂ ਮਾਰਨ ਦੇ ਦੋਸ਼ ਲਗਾਏ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਪੁਲਿਸ ਪਾਰਟੀ ਸਮੇਤ ਮਹੇਸ਼ਰੀ ਸੰਧੂਆਂ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਵਾਈ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਮਿ੍ਰਤਕ ਕਮਲਜੀਤ ਕੌਰ ਦੇ ਭਰਾ ਕੁਲਦੀਪ ਸਿੰਘ ਲੱਖੋਕੇ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਤਰਸੇਮ ਸਿੰਘ ਮਹੇਸਰੀ ਸੰਧੂਆਂ ਨਾਲ ਹੋਇਆ ਸੀ ਅਤੇ ਉਹ ਅਕਸਰ ਉਸ ਦੀ ਭੈਣ ਦੀ ਕੁੱਟਮਾਰ ਕਰਦਾ ਸੀ ਜਿਸ ਕਾਰਨ ਉਸ ਦੀ ਭੈਣ ਕਮਲਜੀਤ ਕੌਰ ਅਕਸਰ ਪੇਕੇ ਆ ਜਾਂਦੀ ਸੀ । ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ । ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਤਰਸੇਮ ਵੱਲੋਂ ਕੁੱਟੇ ਜਾਣ ‘ਤੇ ਉਸ ਦੀ ਭੈਣ ਉਸ ਕੋਲ ਆ ਕੇ ਰਹਿਣ ਲੱਗ ਪਈ ਸੀ ਪਰ ਹਫ਼ਤਾ ਪਹਿਲਾਂ ਉਸ ਦਾ ਜੀਜਾ ਤਰਸੇਮ ਦੁਬਾਰਾ ਮਾਰਕੁੱਟ ਨਾ ਕਰਨ ਦੇ ਵਾਅਦੇ ਨਾਲ ਕਮਲਜੀਤ ਕੌਰ ਨੂੰ ਨਾਲ ਲੈ ਗਿਆ। ਉਸ ਨੇ ਦੱਸਿਆ ਕਿ ਅੱਜ ਤਰਸੇਮ ਸਿੰਘ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਕਮਲਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਇਸ ਕਰਕੇ ਉਹ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮਹੇਸ਼ਰੀ ਪਿੰਡ ਪਹੁੰਚੇ  । ਲੜਕੀ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਦੀ ਤਰਸੇਮ ਸਿੰਘ ਨੇ ਗਲਾ ਘੁੱਟ ਕੇ ਹੱਤਿਆ ਕੀਤੀ ਹੈ । ਪੁਲਿਸ ਨੇ ਮਿ੍ਰਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਵਾ ਦਿੱਤਾ ਹੈ।