ਟਰੈਫਿਕ ਪੁਲਿਸ ਮੋਗਾ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੱਸਿਆ ਸ਼ਿਕੰਜਾ

ਮੋਗਾ,8 ਮਈ (ਲਛਮਣਜੀਤ ਸਿੰਘ ਪੁਰਬਾ)- ਲੋਕ ਸਭਾ ਚੋਣ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਵਾਸਤੇ ਟਰੈਫਿਕ ਪੁਲਿਸ ਮੋਗਾ ਮੁਸਤੈਦੀ ਨਾਲ ਆਪਣਾ ਫਰਜ਼ ਨਿਭਾਅ ਰਹੀ ਹੈ । ਬੀਤੇ ਕੱਲ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਥਾਪਰ ਚੌਂਕ ‘ਚ ਨੀਵੇਂ ਪੁਲ ਕੋਲ ਵਾਹਨਾਂ ਦੀ ਚੈਕਿੰਗ ਕਰਦਿਆਂ ਵਾਹਨ ਚਾਲਕਾਂ ਦੇ ਦਸਤਾਵੇਜ਼ ਚੈੱਕ ਕੀਤੇ । ਇਸ ਮੌਕੇ ਹੌਲਦਾਰ ਗੁਰਸੇਵਕ ਸਿੰਘ ,ਹੌਲਦਾਰ ਵਿਨੋਦ ਕੁਮਾਰ ,ਕਾਂਸਟੇਬਲ ਮਨਪ੍ਰੀਤ ਕੌਰ ਅਤੇ ਬਬਣਜੀਤ ਕੌਰ ਨੇ ਸਵੇਰ 10 ਵਜੇ ਤੋਂ ਸ਼ਾਮ 6 ਵਜੇ ਤੱਕ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਇਸ ਚੈਕਿੰਗ ਦੌਰਾਨ ਲਗਭਗ  10 ਵਾਹਨਾਂ ਦੇ ਚਲਾਨ ਕੱਟੇ ਗਏ । ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਣਅਧਿਕਾਰਿਤ ਕਰੰਸੀ ਅਤੇ ਸ਼ਰਾਬ ਆਦਿ ਦੀ ਤਸਕਰੀ ਰੋਕਣ ਲਈ ਪੰਜਾਬ ਪੁਲਿਸ ਪੂਰੀ ਸਖਤੀ ਨਾਲ ਆਪਣੇ ਫਰਜ਼ ਨਿਭਾਅ ਰਹੀ ਹੈ ਪਰ ਹੁਣ ਸ਼ਹਿਰ ਵਿਚ ਟਰੈਫਿਕ ਨਿਯਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਟਰੈਫਿਕ ਪੁਲਿਸ ਦੇ ਇਸ ਯਤਨ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।