ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰਨ ਲਈ ਹਮਖਿਆਲੀ ਆਗੂਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਬਾਘਾਪੁਰਾਣਾ,7 ਮਈ (ਜਸ਼ਨ) ‘ਪੰਜਾਬ ਜਮਹੂਰੀ ਗੱਠਜੋੜ ਵਲੋਂ ਹਲਕਾ ਬਾਘਾ ਪੁਰਾਣਾ ਵਿਚ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਮੁਹਿੰਮ ਵਿਚ ਤੇਜ਼ੀ ਜਾ ਚੁੱਕੀ ਹੈ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਆਗੂ ਕਾਮਰੇਡ ਭੋਲਾ ਸਿੰਘ, ਜ਼ਿਲਾ ਪ੍ਰਧਾਨ ਜਗਦੀਪ ਸਿੰਘ, ਜਨਰਲ ਸਕੱਤਰ ਪੰਜਾਬ ਸੰਤ ਰਾਮ ਮੱਲੀਆਂ ਨੇ ਸਾਂਝੇ ਤੌਰ ‘ਤੇ ਕੀਤੀ ਮੀਟਿੰਗ ਦੌਰਾਨ ਕੀਤਾ । ਆਗੂਆਂ ਨੇ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿੱਥੇ ਉਹ ਲੋਕਾਂ ਨਾਲ ਪੰਜਾਬ ਏਕਤਾ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਨੂੰ ਸਾਂਝਾ ਕਰਨਗੇ। ਆਗੂਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਉਲੀਕੀਆਂ ਪੰਜਾਬ ਨੂੰ ਲੁੱਟੇ ਜਾਣ ਵਾਲੀਆਂ ਨੀਤੀਆਂ ਨੂੰ ਨਸ਼ਰ ਕਰਨਗੇ। ਉਹਨਾਂ ਕਿਹਾ ਕਿ ਉਹ ਛੇਤੀ ਹੀ ਲੋਕਾਂ ਨੂੰ ਲਾਮਬੰਦ ਕਰਕੇ ਮਾ. ਬਲਦੇਵ ਸਿੰਘ ਦੇ ਚੋਣ ਨਿਸ਼ਾਨ ਚਾਬੀ ਨੂੰ ਵੋਟ ਪਾਉਣ ਲਈ ਅਪੀਲ ਵੀ ਕਰਨਗੇ । ਉਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਦਾ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਗੱਠਜੋੜ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਤੀਸਰਾ ਬਦਲ ਚਾਹੁੰਦੇ ਹਨ । ਆਗੂਆਂ ਕਿਹਾ ਕਿ ਕੇਂਦਰ ਵਿਚ ਬੀਜੇਪੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਵਾਅਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਸਗੋਂ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਢੇਰ ਵਾਧਾ ਕਰਦਿਆਂ ਮਹਿੰਗਾਈ ,ਬੇਰੁਜ਼ਗਾਰੀ ,ਫਿਰਕਾਪ੍ਰਸਤੀ ਅਤੇ ਘੱਟ ਗਿਣਤੀਆਂ ਨਾਲ ਵਿਤਕਰਾ ਕਰਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣ ਨਾਲ ਦੇਸ਼ ਵਿੱਚ ਵਿਸਫੋਟਕ ਸਥਿਤੀ ਪੈਦਾ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲਣ ਦੀਆਂ ਗੱਲਾਂ ਕਰਕੇ ਲੋਕਤੰਤਰ ਨੂੰ ਹੀ ਖ਼ਤਰੇ ਵਿੱਚ ਪਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਹਾੜੀ ਦਾ ਸੀਜ਼ਨ ਖਤਮ ਹੋ ਚੁੱਕਾ ਹੈ ਤੇ ਜਮਹੂਰੀ ਗੱਠਜੋੜ ਨਾਲ ਜੁੜੇ ਵਰਕਰ ਅਤੇ ਵੋਟਰ ਦੋ ਤਿੰਨ ਦਿਨਾਂ ਵਿਚ ਕੰਮਕਾਜ ਤੋਂ ਵਿਹਲੇ ਹੋ ਜਾਣਗੇ ਅਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ । ਇਸ ਮੌਕੇ ਸੀਪੀਆਈ ਦੇ ਆਗੂ ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ,ਗੁਰਮੀਤ ਸਿੰਘ ਵਾਂਦਰ ਬਲਾਕ ਸਕੱਤਰ ਸੀਪੀਆਈ,ਕਮਲਪ੍ਰੀਤ ਸਿੰਘ ਭਲੂਰ ਸਪੋਕਸਮੈਨ ਪੰਜਾਬ ਏਕਤਾ ਹਾਜ਼ਰ ਸਨ।


