ਮੋਗਾ ਜ਼ਿਲ੍ਹੇ ਵਿੱਚ ਚੱਲ ਰਹੀ ਭੁੱੱਖ ਹੜਤਾਲ ਖਤਮ,ਮੰਨੀਆਂ ਗਈਆਂ ਮੰਗਾਂ , ਲਿਖਤੀ ਸਮਝੌਤਾ ਹੋਇਆ

ਮੋਗਾ ,6 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  :ਅੱਜ ਚੰਡੀਗੜ੍ਹ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680,  22-ਬੀ ਦੇ ਚੇਅਰਮੈਨ ਸਾਥੀ ਸੱਜਣ ਸਿੰਘ ਦਾ ਮੁਲਾਜ਼ਮ ਮੰਗਾਂ ਲਈ ਪਹਿਲੀ ਮਈ ਤੋਂ ਚੱਲ ਰਿਹਾ ਮਰਨ ਵਰਤ ਪੰਜਾਬ ਸਰਕਾਰ ਦੇ ਨੁਮਾਇੰਦੇ ਵੱਲੋਂ ਖੁਲ੍ਹਵਾਇਆ ਗਿਆ। ਮਰਨ ਵਰਤ ਖੁਲ੍ਹਵਾਉਣ ਲਈ ਫੈਸਲਾ ਫੈਡਰੇਸ਼ਨ ਦੇ ਸੂਬਾ ਪੱਧਰੀ ਆਗੂਆਂ ਨਾਲ ਮਿਤੀ 5-5-2019 ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਜਿਸ ਮੀਟਿੰਗ ਵਿੱਚ ਮਰਨ ਵਰਤ ਦੀਆਂ ਤਕਰੀਬਨ ਸਾਰੀਆਂ ਹੀ ਮੰਗਾਂ ਮੰਨਣ ਲਈ ਲਿਖਤੀ ਸਮਝੌਤਾ ਕੀਤਾ ਗਿਆ ਹੈ। ਜਿਸ ਵਿਚ ਅਗਸਤ ਵਿੱਚ ਪੇ-ਕਮਿਸ਼ਨ ਲਾਗੂ ਕਰਨਾ, ਆਂਗਣਵਾੜੀ ਵਰਕਰਾਂ ਦਾ ਕੱਟੇ ਜਾਂਦੇ ਪੈਸੇ ਬਹਾਲ ਕਰਨੇ, ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਮੰਗਾਂ ਲਿਖਤੀ ਤੌਰ’ਤੇ ਮੰਨ ਲਈਆਂ ਗਈਆਂ ਹਨ। ਯਾਦ ਰਹੇ ਕਿ ਪਿਛਲੇ ਸਮੇਂ ਵਿੱਚ ਛੇ ਫੈਡਰੇਸ਼ਨਾਂ ਦੀ ਇੱਕ ਸਾਂਝੀ ਕਮੇਟੀ ਬਣੀ ਸੀ। ਪਰ ਮੰਗਾਂ ਨੂੰ ਲੈ ਕੇ ਸਿਰਫ਼ ਇਹੋ ਹੀ ਇਕੋ ਇਕ ਫੈਡਰੇਸ਼ਨ ਲੜਾਈ ਦੇ ਮੈਦਾਨ ਵਿੱਚ ਕੁੱਦੀ ਸੀ। ਜਿਸ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਨਾਲ ਮੁਲਾਜ਼ਮਾਂ ਦੀ ਝੋਲੀ ਹਰ ਵਾਰ ਵਾਂਗੂੰ ਕੁਝ ਨਾ ਕੁਝ ਪਿਆ ਹੈ। ਇਸ ਮੌਕੇ ਮੋਗਾ ਜ਼ਿਲ੍ਹੇ ਵਿੱਚ ਵੀ ਮਰਨ ਵਰਤ ਦੀ ਹਮਾਇਤ ਵਿਚ ਲਗਾਤਾਰ ਪਹਿਲੀ ਮਈ ਤੋਂ ਭੁੱਖ ਹੜਤਾਲ ਚੱਲ ਰਹੀ ਸੀ। ਜਿਸ ਵਿਚ ਅੱਜ ਪਹਿਲਾਂ ਵਾਂਗ ਪੰਜ ਸਾਥੀ ਭੁੱਖ ਹੜਤਾਲ ਤੇ ਬੈਠੇ। ਪਰ ਸਮਝੌਤਾ ਹੋਣ ਅਤੇ ਮਰਨ ਵਰਤ ਖੁਲ੍ਹਵਾਉਣ ਦੀ ਖਬਰ ਆਉਣ ਤੋਂ ਬਾਅਦ ਭੁੱਖ ਹੜਤਾਲੀਆਂ ਦੀ ਭੁੱਖ ਹੜਤਾਲ ਜੂਸ ਪਿਆ ਕੇ ਖੁਲ੍ਹਵਾਈ ਗਈ। ਇਸ ਉਪਰੰਤ ਭੁੱਖ ਹੜਤਾਲੀ ਕੈਂਪ ਵਾਲੇ ਸਥਾਨ ਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਪਸਸਫ ਮੋਗਾ ਦੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਗੁਰਚਰਨ ਕੌਰ, ਕੁਲਵਿੰਦਰ ਸਿੰਘ, ਇੰਦਰਜੀਤ ਭਿੰਡਰ, ਗੁਰਜੰਟ ਸਿੰਘ ਕੋਕਰੀ, ਹਰੀਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ, ਗੁਰਮੇਲ ਸਿੰਘ ਨਾਹਰ, ਪ੍ਰਕਾਸ਼ ਚੰਦ ਆਦਿ  ਨੇ ਫੈਸਲੇ ਦੀ ਜਾਣਕਾਰੀ ਦਿੱਤੀ ਅਤੇ ਇਸ ਸੰਘਰਸ਼ ਵਿੱਚ ਲਗਾਤਾਰ ਸਹਿਯੋਗ ਦੇਣ ਲਈ ਇਸ ਫੈਡਰੇਸ਼ਨ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ, ਭੁੱਖ ਹੜਤਾਲ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਗਾਂ ਸਿਰਫ਼ ਸੰਘਰਸ਼ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਸਰਕਾਰਾਂ ਕਦੇ ਵੀ ਪੋਲੇ ਪੈਰੀਂ ਆਮ ਲੋਕਾਂ ਨੂੰ ਕੁੱਝ ਨਹੀਂ ਦਿੰਦੀਆਂ। ਉਨ੍ਹਾਂ ਆਗੂਆਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਉਂਦੇ ਰਹਿਣ ਲਈ ਸੰਘਰਸ਼ ਜ਼ਰੂਰੀ ਹੈ। 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ