ਸੂਬੇ ਦੀ ਕਿਰਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਪੰਜਾਬ ਏਕਤਾ ਪਾਰਟੀ ਪੂਰੀ ਤਰਾਂ ਸੰਜੀਦਾ: ਦਲਜੀਤ ਸਿੰਘ ਸਦਰਪੁਰਾ

ਧਰਮਕੋਟ ,6 ਮਈ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਜੈਤੋ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਸ੍ਰ: ਦਲਜੀਤ ਸਿੰਘ ਸਦਰਪੁਰਾ ਪ੍ਰਧਾਨ ਕਿਸਾਨ ਵਿੰਗ ਪੰਜਾਬ ਦੀ ਅਗਵਾਈ ਵਿਚ ਧਰਮਕੋਟ ਹਲਕੇ ‘ਚ ਨੂਰਪੁਰ ਹਕੀਮਾਂ, ਕਮਾਲ ਕੇ, ਦਬੁਰਜੀ, ਕਿਸ਼ਨਪੁਰਾ, ਭਿੰਡਰ ਕਲਾਂ, ਤਲਵੰਡੀ ਮੱਲੀਆਂ, ਕੋਕਰੀ ਬੁੱਟਰ ਤੋਂ ਇਲਾਵਾ ਵੱਖ ਵੱਖ ਪਿੰਡਾਂ ਅਤੇ ਧਰਮਕੋਟ ‘ਚ ਵਿਸ਼ੇਸ਼ ਚੋਣ ਮੀਟਿੰਗਾਂ ਕੀਤੀਆਂ ਗਈਆਂ।

ਇਸ ਮੌਕੇ ਸੰਬੋਧਨ ਕਰਦਿਆਂ ਦਲਜੀਤ ਸਿੰਘ ਸਦਰਪੁਰਾ ਨੇ ਆਖਿਆ ਕਿ ਪੰਜਾਬ ਏਕਤਾ ਪਾਰਟੀ ਦੇ ਰੂਹੇ ਰਵਾਂਅ ਸ੍ਰ: ਸੁਖਪਾਲ ਖਹਿਰਾ ਨੇ ਲਗਾਤਾਰ ਲੋਕਾਂ ਨਾਲ ਮੀਟਿੰਗਾਂ ਕਰਨ ਉਪਰੰਤ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਜਾਣਦਿਆਂ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ ਜਿਸ ਵਿਚ ਪਾਰਟੀ ਨੇ ਪੰਜਾਬ ਦੀ ਸਹਿਕਦੀ ਕਿਰਸਾਨੀ ਨੂੰ ਪੈਰਾਂ ਸਿਰ ਕਰਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਨਕਦ ਸਬਸਿਡੀ ,ਕਿਰਸਾਨੀ ਕਰਜ਼ਿਆਂ ’ਤੇ ਸਸਤੇ ਵਿਆਜ ਦਰ ’ਤੇ 50 ਫੀਸਦ ਦੀ ਛੋਟ ਦੇਣ ਅਤੇ ਪੰਜਾਬ ਦੀ ਜਵਾਨੀ ਨੂੰ ਕੈਮੀਕਲ ਨਸ਼ਿਆਂ ਤੋਂ ਬਚਾਉਣ ਅਤੇ ਕਿਰਸਾਨੀ ਨੂੰ ਪੈਰਾਂ ਸਿਰ ਕਰਨ ਲਈ ਸੂਬੇ ਵਿਚ ਖਸਖਸ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਦਾ ਵਾਅਦਾ ਕੀਤਾ ਹੈ । ਸਦਰਪੁਰਾ ਨੇ ਆਖਿਆ ਕਿ ਉਹ ਖੁਦ ਕਿਰਸਾਨੀ ਦੇ ਨਾਲ ਨਾਲ ਸਹਾਇਕ ਧੰਦਿਆਂ ਨਾਲ ਜੁੜੇ ਹੋਏ ਹੋਣ ਕਰਕੇ ਉਹ ਜਾਣਦੇ ਹਨ ਕਿ ਮਿਹਨਤਕਸ਼ਾਂ ਨੂੰ ਵਿਵਹਾਰਕ ਰੂਪ ਵਿਚ ਕਿਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਉਹ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸਦਰਪੁਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੁੰਦੇ ਹਨ ਕਿ ਉਹਨਾਂ ਦੀਆਂ ਰੋਜ਼ਮਰਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ ਤਾਂ ਉਹ ਜ਼ਮੀਨੀ ਹਕੀਕਤਾਂ ਨਾਲ ਜੁੜੇ ਆਗੂ ਮਾਸਟਰ ਬਲਦੇਵ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਪੰਜਾਬ ਏਕਤਾ ਪਾਰਟੀ ਦੇ ਚੋਣ ਨਿਸ਼ਾਨ ਚਾਬੀ ਦਾ ਬਟਨ ਦਬਾਅ ਕੇ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨ । ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਪੰਜਾਬ ਦੇ ਵਡੇਰੇ ਹਿਤਾਂ ਲਈ ਨਵੀਂ ਸੋਚ ਲੈ ਕੇ ਆਈ ‘ਪੰਜਾਬ ਏਕਤਾ ਪਾਰਟੀ ’ ਨੂੰ ਵੋਟ ਪਾਉਣ । ਇਸ ਮੌਕੇ ਜ਼ਿਲਾ ਪ੍ਰਧਾਨ ਯੂਥ ਵਿੰਗ ਸਿਮਰਜੀਤ ਸੰਧੂ ਸਿਮਰਾ, ਕਾਮਰੇਡ ਸੂਰਤ ਸਿੰਘ, ਨਿਰਭੈ ਸਿੰਘ ਭਿੰਡਰ ,ਡਾ. ਜਗਜੀਤ ਧਰਮਕੋਟ, ਬਾਵਾ ਕਮਾਲਕੇ, ਜੱਸਾ ਦਬੁਰਜੀ ,ਤੇਜਿੰਦਰ ਕਿਸ਼ਨਪੁਰਾ , ਬਾਬੂ ਭਿੰਡਰ ,ਗੁਰਬਖਸ਼ ਸਿੰਘ, ਹਰਜੀਤ ਸਿੰਘ, ਸੰਤੋਖ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ