ਮਾਉਂਟ ਲਿਟਰਾ ਜ਼ੀ ਸਕੂਲ ਦੀ ਵਿਦਿਆਰਥਣ ਆਯੂਸ਼ੀ ਗਰੋਵਰ ਨੇ 94 ਫੀਸਦੀ ਅੰਕ ਹਾਸਲ ਕਰਕੇ ਮਾਰੀਆਂ ਮੱਲਾਂ

ਮੋਗਾ, 6 ਮਈ (ਜਸ਼ਨ)-ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ 100 ਫੀਸਦੀ ਰਹੇ । ਵਿਦਿਆਰਥੀਆਂ ਵੱਲੋਂ ਬੋਰਡ ਪ੍ਰੀਖਿਆਵਾਂ ‘ਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਨੇ ਜਿੱਥੇ ਮਾਉਂਟ ਲਿਟਰਾ ਜ਼ੀ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਦੀ 10 ਵੀਂ ਕਲਾਸ ਦੀ ਵਿਦਿਆਰਥਣ ਆਯੂਸ਼ੀ ਗਰੋਵਰ ਨੇ 94 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਸਿਮਰਨਜੋਤ ਕੌਰ, ਰਿਆ ਮੰਗਲਾ, ਸਿਰਜਨਾ ਜਟਾਨਾ ਨੇ 90 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਅਕਾਂਸ਼ਾ ਸਿੰਘ ਨੇ 88 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। 
ਉਹਨਾਂ ਦੱਸਿਆ ਕਿ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਵੀ 90 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਉਹਨਾਂ ਦੱਸਿਆ ਕਿ ਆਯੂਸ਼ੀ ਗਰੋਵਰ ਨੇ ਪੰਜਾਬੀ ਵਿਚੋਂ 99 ਅੰਕ ਤੇ ਇੰਗਲਿਸ਼ ਵਿਚੋਂ 98 ਅੰਕ ਹਾਸਲ ਕੀਤੇ ਹਨ। ਉਹਨਾਂ ਸਕੂਲ ਦੇ 100 ਫੀਸਦੀ ਨਤੀਜੇ ਆਉਣ ਤੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਸੀ.ਬੀ.ਐਸ.ਈ ਦੇ ਐਲਾਨੇ 12 ਵੀਂ ਦੇ ਨਤੀਜਿਆਂ ‘ਚ ਵੀ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਸਨ। ਉਹਨਾਂ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਸਦਕਾ ਆਏ ਸ਼ਾਨਦਾਰ ਨਤੀਜਿਆਂ ‘ਤੇ ਖੁਸ਼ੀ ਪ੍ਰਗਟਾਉਂਦਿਆਂ ਵਿਦਿਆਰਥੀਆਂ ਨੂੰ ਸੰਜੀਦਗੀ ਨਾਲ ਅਤੇ ਕਾਬਲੀਅਤ ਅਨੁਸਾਰ ਗਿਆਰਵੀਂ ਕਲਾਸ ਲਈ ਆਪਣੇ ਸਟਰੀਮ ਚੁਣਨ ਦੀ ਤਾਕੀਦ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


