ਸਫ਼ਰ ਕਰਦੇ ਸਮੇਂ ਲੜਕੇ ਲੜਕੀਆਂ ਦਾ ਮੂੰਹ-ਸਿਰ ਬੰਨ ਕੇ ਚੱਲਣਾ ਕਿੰਨਾ ਕੁ ਜਾਇਜ਼ ?

ਕੋਟਕਪੂਰਾ, 3 ਮਈ (ਟਿੰਕੂ ਕੁਮਾਰ) :- ਅੱਜ ਕੱਲ ਤੁਸੀਂ ਸ਼ਹਿਰ ’ਚ ਦੇਖ ਸਕਦੇ ਹੋ ਕਿ ਕੁੜੀਆਂ ਅਤੇ ਮੁੰਡੇ ਆਪਣਾ ਮੂੰਹ-ਸਿਰ ਪੂਰੀ ਤਰਾਂ ਬੰਨ ਕੇ ਕੇ ਮੋਟਰਸਾਈਕਲ ਸਕੂਟਰ ਚਲਾਉਂਦੇ ਹਨ,।ਇਹ ਕਿੰਨਾ ਕੁ ਜਾਇਜ਼ ਹੈ, ਇਸ ਸਬੰਧੀ ਅਸੀਂ ਕੁਝ ਜਾਣਕਾਰੀ ਹਾਸਲ ਕੀਤੀ। ਜਦ ਇਸ ਸਬੰਧੀ ਲੜਕੀਆਂ ਅਤੇ ਲੜਕਿਆਂ ਨੂੰ ਪੁੱਛਿਆ ਗਿਆ ਤਾਂ ਉਨਾਂ ਸਿਰਫ ਗਰਮੀ ਦਾ ਬਹਾਨਾ ਹੀ ਮਾਰਿਆ ਹੋਰ ਕੋਈ ਵੱਡਾ ਕਾਰਨ ਜਾਂ ਕੋਈ ਬਿਮਾਰੀ ਨਾ ਦੱਸ ਸਕੇ। ਇਸ ਸਬੰਧੀ ਸਿਟੀ ਟੂ ਟ੍ਰੈਫਿਕ ਦੇ ਇੰਚਾਰਜ ਏ.ਐੱਸ.ਆਈ. ਬਲਜੀਤ ਸਿੰਘ ਡੋਡ ਨਾਲ ਜਦ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕੇ ਸ਼ਰਾਰਤੀ ਅਨਸਰ ਵੀ ਇਸ ਤਰਾਂ ਮੂੰਹ ਬੰਨ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਏ.ਟੀ.ਐੱਮ. ਦੇ ਵਿੱਚ ਚੋਰੀ ਕਰਨ ਵਾਲੇ ਤੇ ਬਾਹਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੀ ਮੂੰਹ ਸਿਰ ਬੰਨੇ ਹੁੰਦੇ ਹਨ। ਉਨਾਂ ਕਿਹਾ ਕਿ ਡਿਊਟੀ ਕਰਦਿਆਂ ਸਾਨੂੰ ਅਕਸਰ ਹੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਕਿ ਅਸੀਂ ਚੰਗੇ ਮਾੜੇ ਬੰਦੇ ਦੀ ਪਹਿਚਾਣ ਕਿਸ ਤਰਾਂ ਕਰੀਏ? ਸਾਨੂੰ ਅਕਸਰ ਹੀ ਮੀਟਿੰਗਾਂ ਵਿੱਚ ਇਹ ਜ਼ੁਬਾਨੀ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਤੁਸੀਂ ਇਨਾਂ ਨੂੰ ਇਸ ਤਰਾਂ ਮੂੰਹ ਸਿਰ ਬੰਨ ਕੇ ਚੱਲਣ ਤੋਂ ਰੋਕੋ।ਅਸੀਂ ਇਨਾਂ ਨੂੰ ਰੋਕਦੇ ਹਾਂ ਤੇ ਜੋ ਕਾਗਜ਼ ਪੱਤਰ ਘੱਟ ਹੁੰਦਾ ਹੈ। ਉਸ ਦਾ ਚਲਾਨ ਕਰਦੇ ਹਾਂ ਤੇ ਮੂੰਹ ਸਿਰ ਬੰਨਣ ਸਬੰਧੀ ਜ਼ੁਬਾਨੀ ਹਦਾਇਤਾਂ ਕਰਦੇ ਰਹਿੰਦੇ ਹਾਂ। ਇਸ ਸਬੰਧੀ ਜਦ ਅਸੀਂ ਹਸਪਤਾਲ ਦੇ ਸਿਹਤ ਅਧਿਕਾਰੀ ਐੱਸ ਐੱਮ ਓ ਡਾ ਚੰਦਰ ਸ਼ੇਖਰ ਫ਼ਰੀਦਕੋਟ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਧੁੱਪ ਦਾ ਅਸਰ ਚਮੜੀ ਤੇ ਪੈਂਦਾ ਹੈ ਇਸ ਲਈ ਸਾਨੂੰ ਮੂੰਹ ਸਿਰ ਢੱਕੇ ਬਗੈਰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਸਿਹਤ ਲਈ ਹਾਨੀਕਾਰਕ ਹੈ, ਨਾਲ ਹੀ ਸਾਨੂੰ ਗਰਮੀ ਤੋਂ ਬੱਚਣ ਲਈ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਸਮਾਜ ਸੇਵੀ ਪ੍ਰਵੀਨ ਕਾਲਾ ਚੇਅਰਮੈਨ ਸਹਾਰਾ ਸੋਸਾਇਟੀ ਫਰੀਦਕੋਟ ਨੇ ਇਸ ਸਬੰਧੀ ਦੱਸਿਆ ਕਿ ਇਹ ਇਕ ਫੈਸ਼ਨ ਬਣਦਾ ਜਾ ਰਿਹਾ ਹੈ ਜੋ ਬਹੁਤ ਹੀ ਮਾੜਾ ਹੈ।ਚਮੜੀ ਦੇ ਰੋਗੀ ਤੇ ਬਿਮਾਰ ਤੁਹਾਨੂੰ ਬਹੁਤ ਹੀ ਘੱਟ ਮਿਲਣਗੇ। ਉਹਨਾਂ ਕਿਹਾ ਕਿ ਇਹ ਰੁਝਾਨ ਬਹੁਤ ਮਾੜਾ ਹੈ, ਕਿਸੇ ਵੀ ਲੜਕੇ ਲੜਕੀ ਨੂੰ ਸਿਰ ਮੂੰਹ ਢੱਕ ਕੇ ਨਹੀਂ ਚੱਲਣਾ ਚਾਹੀਦਾ, ਪ੍ਰਸ਼ਾਸ਼ਨ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।


