ਬਹਿਬਲ ਕਾਂਡ : ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਦਾਲਤ ’ਚ ਪੇਸ਼,ਮਾਮਲੇ ਦੀ ਸੁਣਵਾਈ 14 ਮਈ ਤੱਕ ਟਲ਼ੀ

ਕੋਟਕਪੂਰਾ, 3 ਮਈ (ਟਿੰਕੂ ਕੁਮਾਰ) :- ਬਹਿਬਲ ਕਾਂਡ ਵਿੱਚ ਗਿ੍ਰਫ਼ਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਅੱਜ ਪਟਿਆਲਾ ਜੇਲ ਦੇ ਅਧਿਕਾਰੀਆਂ ਨੇ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਲਾਨ ਪੇਸ਼ ਹੋਣ ਤੋਂ ਬਾਅਦ ਚਰਨਜੀਤ ਸ਼ਰਮਾ ਪਹਿਲੀ ਵਾਰ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਚਲਾਨ ਦੀਆਂ ਨਕਲਾਂ ਚਰਨਜੀਤ ਸ਼ਰਮਾ ਨੂੰ ਸੌਂਪ ਦਿੱਤੀਆਂ। ਚਰਨਜੀਤ ਸ਼ਰਮਾ ਅਤੇ ਉਸ ਦੇ ਵਕੀਲਾਂ ਨੇ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਪੜਣ ਲਈ ਕੁਝ ਸਮਾਂ ਮੰਗਿਆ। ਅਦਾਲਤ ਨੇ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 14 ਮਈ ਤੱਕ ਮੁਲਤਵੀ ਕਰ ਦਿੱਤੀ। ਬਹਿਬਲ ਕਾਂਡ ਦੌਰਾਨ ਭਾਈ ਕਿ੍ਰਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਬਿੱਟੂ ਨਾਮ ਦੇ 2 ਨੌਜਵਾਨਾਂ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋ ਗਈ ਸੀ। ਬਾਜਾਖਾਨਾ ਪੁਲੀਸ ਨੇ 21 ਅਕਤੂਬਰ 2015 ਨੂੰ ਆਈ.ਪੀ.ਸੀ ਦੀ ਧਾਰਾ 302/307/120-ਬੀ/201 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।। ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ 27 ਜਨਵਰੀ ਨੂੰ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਗਿ੍ਰਫ਼ਤਾਰ ਕੀਤਾ ਸੀ। ਚਰਨਜੀਤ ਸ਼ਰਮਾ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਅਤੇ ਉਸ ਦਾ ਬਹਿਬਲ ਵਿਖੇ ਵਾਪਰੇ ਸਮੁੱਚੇ ਹਾਦਸੇ ਵਿੱਚ ਕੋਈ ਕਸੂਰ ਨਹੀਂ ਹੈ।