ਸੁਖਬੀਰ ਬਾਦਲ ਨੇ ਅੱਗ ਨਾਲ ਕਣਕ ਦੇ ਹੋ ਰਹੇ ਨੁਕਸਾਨ ਤੇ ਪੀੜਤ ਕਿਸਾਨਾਂ ਨਾਲ ਕੀਤੀ ਹਮਦਰਦੀ ,ਕਿਹਾ ‘ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਪੰਜਾਬ ਦੀ ਕਿਰਸਾਨੀ ਲਈ ਗਹਿਰੀ ਚਿੰਤਾ ਦਾ ਵਿਸ਼ਾ

ਮੋਗਾ,28 ਅਪਰੈਲ (ਜਸ਼ਨ): ਮੋਗਾ ਦੇ ਪਿੰਡ ਰੌਲੀ ਅਤੇ ਸਮੁੱਚੇ ਪੰਜਾਬ ‘ਚ ਪਿਛਲੇ ਦਿਨੀਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਸੈਂਕੜੇ ਏਕੜ ਕਣਕ ਦੀ ਖੜੀ ਫਸਲ ਦੇ ਹੋਏ ਨੁਕਸਾਨ ਤੋਂ ਪ੍ਰਭਾਵਿਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਵਾ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਥਾਵਾਂ ‘ਤੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸ੍ਰ: ਬਾਦਲ ਨੇ ਆਖਿਆ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ ਜੋ ਪੰਜਾਬ ਦੀ ਕਿਰਸਾਨੀ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੱਡਭੰਨਵੀਂ ਮਿਹਨਤ ਨਾਲ ਤਿਆਰ ਫਸਲ ਨੂੰ ਅਜਿਹੀ ਮਾਰ ਪੈ ਜਾਣ ਨਾਲ ਕਿਸਾਨਾਂ ’ਤੇ ਗਹਿਰੀ ਆਰਥਿਕ ਸੱਟ ਵੱਜਦੀ ਹੈ ,ਉਹਨਾਂ ਪੰਜਾਬ ਸਰਕਾਰ ਨੂੰ ਪੀੜਤ ਕਿਸਾਨਾਂ ਨੂੰ ਫੌਰੀ ਤੌਰ ’ਤੇ ਆਰਥਿਕ ਸਹਾਇਤਾ ਕਰਨ ਦੀ ਅਪੀਲ ਕੀਤੀ । ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵੀ ਅੱਗ ਨਾਲ ਕਣਕ ਦੇ ਹੋ ਰਹੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਪੀੜਤ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਲਈ ਡੀ ਸੀ ਮੋਗਾ ਨਾਲ ਫੋਨ ’ਤੇ ਵੀ ਗੱਲ ਕੀਤੀ । ਜਥੇਦਾਰ ਨੇ ਪੰਜਾਬ ਸਰਕਾਰ ਨੂੰ ਫਾਇਰ ਬਿਰਗੇਡ ਲਈ ਹੋਰ ਸਹੂਲਤਾਂ ਅਤੇ ਮਸ਼ੀਨਰੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਮਸਲੇ ਦਾ ਫੌਰੀ ਹੱਲ ਕਰਨ ਦੀ ਲੋੜ ਹੈ ਤਾਂ ਅਗਜ਼ਨੀ ਦੀਆਂ ਵੱਧ ਰਹੀਆਂ ਘਟਨਾਵਾਂ ’ਤੇ ਕਾਬੂ ਪਾਇਆ ਜਾ ਸਕੇ।


