ਮਾਈਕ੍ਰੋਸਕੋਪ ਦੀਆਂ ਕਿਰਿਆਵਾਂ ਦਾ ਗਿਆਨ ਦੇਣ ਲਈ ਵਿਗਿਆਨ ਵਿਸ਼ੇ ਦੇ ਸੈਮੀਨਾਰ ਲਾਹੇਵੰਦ- ਅਰਚਨਾ ਮਹਾਜਨ

ਰਾਜਪੁਰਾ 29 ਅਪ੍ਰੈਲ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾ੍ਹ ਰਹੇ ਅਧਿਆਪਕਾਂ ਨੂੰ ਵਿਗਿਆਨ ਵਿਸ਼ੇ ਦੀ ਦੋ-ਦਿਨਾਂ ਸਿਖਲਾਈ ਵਰਕਸ਼ਾਪ ਲਗਵਾਈ ਜਾ ਰਹੀ ਹੈ| ਇਸ ਤਹਿਤ ਪੰਜਾਬ ਦੇ ਸਮੂਹ ਜ਼ਿਲਿਆਂ ਅਧੀਨ ਪੈਂਦੇ ਬਲਾਕਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਦੇਖ ਰੇਖ ਹੇਠ ਜ਼ਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਦੁਆਰਾ ਮਾਈਕ੍ਰੋਸਕੋਪਿਕ ਕਿਰਿਆਵਾਂ ਦੀ ਪ੍ਰਯੋਗੀ ਸਿਖਲਾਈ ਦਿੱਤੀ ਜਾ ਰਹੀ ਹੈ|
ਸਟੇਟ ਕੋਆਰਡੀਨੇਟਰ ਰਾਜੇਸ਼ ਜੈਨ ਦੀ ਅਗਵਾਈ ਵਿੱਚ ਬਲਾਕ ਰਾਜਪੁਰਾ 1 ਅਤੇ 2 ਦੇ ਅਧਿਆਪਕਾਂ ਦੀ ਵਿਗਿਆਨ ਵਿਸ਼ੇ ਦੀ ਸਿਖਲਾਈ ਵਰਕਸ਼ਾਪ ਸਰਕਾਰੀ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ ਹਾਈ ਬ੍ਰਾਂਚ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਭੁਸ਼ਣ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ| ਇਸ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਵਿੱਚ ਰਿਸੋਰਸ ਪਰਸਨਾਂ ਦੁਆਰਾ ਮੋਨੋ ਕੋਟ ਅਤੇ ਡਾਈ ਕੋਟ ਸਟੈਮ, ਪਿਆਜ਼ ਦੀ ਝਿੱਲੀ, ਬਰੈੱਡਮੋਲਡ, ਸਪਾਈਰੋਗਾਇਰਾ, ਗੱਲ੍ਹ ਦੇ ਸੈੱਲ, ਸਟੋਮੈਟਾ, ਪ੍ਰਕਾਸ਼ ਨਾਲ ਸਬੰਧਿਤ ਪ੍ਰਤੀਬਿੰਬ ਆਦਿ ਬਾਰੇ ਜਾਣਕਾਰੀਆਂ ਮਾਈਕ੍ਰੋਸਕੋਪ ਦੀ ਵਰਤੋਂ ਨਾਲ ਸਾਂਝੀਆਂ ਕੀਤੀਆਂ ਗਈਆਂ|
ਇਸ ਮੌਕੇ ਪਹੁੰਚੇ ਅਰਚਨਾ ਮਹਾਜਨ ਪ੍ਰਿੰਸੀਪਲ ਜ਼ਿਲ੍ਹਾ ਡਾਇਟ ਪਟਿਆਲਾ ਐਟ ਨਾਭਾ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿੱਚ ਰੁਚੀ ਪਾਠਕ੍ਰਮ ਵਿੱਚ ਸ਼ਾਮਿਲ ਪ੍ਰਯੋਗੀ ਕਿਰਿਆਵਾਂ ਨੂੰ ਕਰਵਾ ਕੇ ਵਧਾ ਸਕਦੇ ਹਨ| ਵਿਦਿਆਰਥੀ ਪ੍ਰਯੋਗ ਕਰਕੇ ਜਿਆਦਾ ਸਿੱਖਦਾ ਹੈ| ਇਸ ਲਈ ਇਸ ਵਾਰ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਵਿਸ਼ੇਸ ਤੌਰ 'ਤੇ ਨਿਰਦੇਸ਼ ਹਨ ਕਿ ਅਧਿਆਪਕਾਂ ਦੀਆਂ ਸਿਖਲਾਈ ਵਰਕਸ਼ਾਪਾਂ ਦੌਰਾਨ ਅਧਿਆਪਕਾਂ ਨੂੰ ਪ੍ਰਯੋਗੀ ਕਿਰਿਆਵਾਂ ਕਰਵਾ ਕੇ ਆਕਰਸ਼ਕ ਬਣਾਇਆ ਜਾਵੇ| ਉਹਨਾਂ ਕਿਹਾ ਕਿ ਸਮੂਹ ਵਿਗਿਆਨ ਵਿਸ਼ੇ ਦੇ ਅਧਿਆਪਕ ਸਿਖਲਾਈ ਵਰਕਸ਼ਾਪ ਦੌਰਾਨ ਖੁਦ ਸਲਾਇਡਾਂ ਤਿਆਰ ਕਰਕੇ ਪ੍ਰਯੋਗ ਕਰ ਰਹੇ ਹਨ| ਇਸ ਨਾਲ ਸਪੱਸ਼ਟ ਹੈ ਕਿ ਅਧਿਆਪਕ ਵਿਦਿਆਰਥੀਆਂ ਤੋਂ ਵੀ ਇਹ ਕਿਰਿਆਵਾਂ ਆਪਣੀ ਨਿਗਰਾਨੀ ਵਿੱਚ ਕਰਵਾਉਣਗੇ| ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਵਿਗਿਆਨ ਵਿਸ਼ੇ ਦੇ ਸਿੱਖਣ ਪਰਿਣਾਮਾਂ ਵਿੱਚ ਨਿਖਾਰ ਆਵੇਗਾ|
ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸਮੂਹ ਅਧਿਆਪਕ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਪਾਸੋਂ ਵੱਧ ਤੋਂ ਵੱਧ ਸਲਾਈਡਾਂ ਤਿਆਰ ਕਰਵਾ ਕੇ ਵਿਗਿਆਨ ਵਿਸ਼ੇ ਦੀ ਸੂਝ-ਬੂਝ ਬਣਾਉਣ| ਇਸ ਮੌਕੇ ਜ਼ਿਲ੍ਹਾ ਮੈਂਟਰ ਅਭਿਨਵ ਜੋਸ਼ੀ, ਬਲਾਕ ਮੈਂਟਰ ਵੀਨਾ ਅਰੋੜਾ, ਸਕੂਲ ਇੰਚਾਰਜ ਰੇਨੂੰ ਵਰਮਾ, ਵਰਿੰਦਰਜੀਤ ਕੌਰ, ਜਸਵੀਰ ਕੌਰ ਚਾਨੀ, ਦਲਜੀਤ ਕੌਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ|