ਕੈਂਬਰਿਜ ਸਕੂਲ ਦੇ ਐਡਮਨਿਸਟਰੇਟਰ ਪਰਮਜੀਤ ਕੌਰ ਪੰਮੀ ਨੂੰ ਸਦਮਾ,ਮਾਤਾ ਦਾ ਦੇਹਾਂਤ,ਮੈਡਮ ਪਰਮਜੀਤ ਅਤੇ ਉਹਨਾਂ ਦੇ ਪਤੀ ਦਵਿੰਦਰਪਾਲ ਰਿੰਪੀ ਨਾਲ ਹਮਦਰਦੀ ਦਾ ਪ੍ਰਗਟਾਵਾ

ਮੋਗਾ,29 ਅਪਰੈਲ (ਜਸ਼ਨ): ਕੈਂਬਰਿਜ ਸਕੂਲ ਦੇ ਐਡਮਨਿਸਟਰੇਟਰ ਅਤੇ ਲੇਖਿਕਾ ਪਰਮਜੀਤ ਕੌਰ ਪੰਮੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜਰਨੈਲ ਕੌਰ ਧਰਮਪਤਨੀ ਉੱਘੇ ਸੁਤੰਤਰਤਾ ਸੈਨਾਨੀ ਲਾਲ ਸਿੰਘ ਅਚਾਨਕ ਚਲਾਣਾ ਕਰ ਗਏ। ਇਸ ਖਬਰ ਨਾਲ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਮੋਗਾ ਵਿੱਚ ਸੋਗ ਦੀ ਲਹਿਰ ਫੈਲ ਗਈ । ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ ਅਤੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਐਡਮਨਿਸਟਰੇਟਰ ਪਰਮਜੀਤ ਕੌਰ ਪੰਮੀ ਅਤੇ ਉਹਨਾਂ ਦੇ ਪਤੀ ਸਕੂਲ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨਾਲ ਦੁੱਖ ਦਾ ਇਜ਼ਹਾਰ ਕੀਤਾ। 

ਸਕੂਲ ਦੀ ਸਵੇਰ ਦੀ ਸਭਾ ਦੌਰਾਨ ਮਾਤਾ ਜਰਨੈਲ ਕੌਰ ਦੀ ਆਤਮਿਕ ਸ਼ਾਂਤੀ ਲਈ ਮੋਨ ਧਾਰਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਤਾ ਜੀ ਦੇ ਅਚਾਨਕ ਹੋਏ ਦਿਹਾਂਤ ਕਾਰਨ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ । ਉਹਨਾਂ ਕਿਹਾ ਕਿ ਮਾਵਾਂ ਬਿਨਾਂ ਜਹਾਨ ਸੁੰਨਾ ਜਿਹਾ ਲੱਗਦਾ ਹੈ । ਉਹਨਾਂ ਦੱਸਿਆ ਕਿ ਮਾਤਾ ਜੀ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧ ਰੱਖਦੇ ਸਨ ਅਤੇ ਉਹ ਬਹੁਤ ਹੀ ਨੇਕ ਦਿਲ, ਹਸਮੁੱਖ ਅਤੇ ਮਿੱਠ ਬੋਲੜੇ ਸਨ । ਉਹਨਾਂ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਬੀਮਾਰ ਸਨ ਪਰ ਹੁਣ ਪੂਰੀ ਤਰਾਂ ਤੰਦਰੁਸਤ ਸਨ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।