ਧਰਤੀ ਹੇਠਲਾ ਹਾਨੀਕਾਰਕ ਪਾਣੀ ਪੀਣ ਨਾਲ ਲੋਕ ਬਿਮਾਰ ਹੋਣੇ ਸ਼ੁਰੂ, ਪ੍ਰਸ਼ਾਸ਼ਨ ਤੇ ਸਿਆਸਤਦਾਨ ਚੁੱਪ!

ਕੋਟਕਪੂਰਾ, 29 ਅਪ੍ਰੈਲ (ਟਿੰਕੂ ਪਰਜਾਪਤ) :- ਨੇੜਲੇ ਪਿੰਡ ਦਬੜੀਖਾਨਾ ਦੇ 2 ਜਲ ਘਰ ਫਤਿਹਗੜ, ਗੋਬਿੰਦਗੜ, ਕੋਠੇ ਮਹਿਲੜ, ਕੋਠੇ ਬੰਬੀਹਾ ਅਤੇ ਜੀਵਨ ਸਿੰਘ ਨਗਰ ਦਬੜੀਖਾਨਾ ਪੰਜ ਪਿੰਡਾਂ ਦੇ ਸਾਂਝੇ ਹਨ। ਇਹਨਾਂ ਦੋਵਾਂ ਜਲ ਘਰਾਂ (ਫਤਿਹਗੜ-ਗੋਬਿੰਦਗੜ) ਨੂੰ ਭਦੌੜ ਰਜਵਾਹਾ ਦੇ ਨਿਉਰ ਮਾਈਨਰ ਤੋਂ ਸਿੱਧੇ ਖਾਲ (ਪਾਈਪ) ਲੱਗੇ ਹੋਣ ਕਾਰਨ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ। ਹਰ ਵਕਤ ਜਲ ਸਟੋਰ ਟੈਂਕ ਭਰੇ ਹੋਣ ਦੇ ਬਾਵਜੂਦ ਲੋਕ ਜਲ ਘਰਾਂ ਦੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ ਅਤੇ ਉਨਾਂ ਨੂੰ ਮਜ਼ਬੂਰੀਵੱਸ ਧਰਤੀ ਹੇਠਲਾ ਸਿਹਤ ਲਈ ਨੁਕਸਾਨਦਾਇਕ ਪਾਣੀ ਪੀਣਾ ਪੈ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਗੋਬਿੰਦਗੜ ਦੇ ਮੈਂਬਰ ਭਰਪੂਰ ਸਿੰਘ ਢਿੱਲੋਂ ਅਤੇ ਸਹਿਯੋਗ ਚੈਰੀਟੇਬਲ ਵੈਲਫੇਅਰ ਕਮੇਟੀ ਦਬੜੀਖਾਨਾ ਦੇ ਮੈਂਬਰ ਨਿਰਮਲ ਸਿੰਘ ਖਾਲਸਾ ਨੇ ਦੱਸਿਆ ਕਿ ਇਨਾਂ ਜਲ ਘਰਾਂ ਦੀ ਸਪਲਾਈ ਦਾ ਪਿਛਲੇ ਲੰਮੇ ਸਮੇਂ ਤੋਂ ਬਹੁਤ ਬੁਰਾ ਹਾਲ ਹੈ। ਅਸਲ ਵਿਚ ਇਹਨਾਂ ਦਾ ਕੋਈ ਰਾਜਾ ਬਾਬੂ ਹੀ ਨਹੀਂ। ਫਤਿਹਗੜ ਦੇ ਨਵੇਂ ਬਣੇ ਸਰਪੰਚ ਦਾ ਲੜਕਾ ਇਸ ਜਲ ਘਰ ਦਾ ਪੰਪ ਓਪਰੇਟਰ ਹੋਣ ਕਾਰਨ ਉਸਦੀ ਪੁੱਛ-ਪੜਤਾਲ ਕਰਨ ਵਾਲਾ ਕੋਈ ਨਹੀਂ। ਇਸੇ ਤਰਾਂ ਗੋਬਿੰਦਗੜ ਵਿਖੇ ਰੱਖੇ ਤਿੰਨ ਮੁਲਾਜ਼ਮ ਆਪਣੀ ਮਰਜੀ ਨਾਲ ਹੀ ਕਦੇ ਕਦਾਈਂ ਪਾਣੀ ਛਡਦੇ ਹਨ। ਭਰਪੂਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮੈਂਬਰ ਜੀਦਾ ਰਜਵਾਹੇ ਦੇ ਮੋਘੇ ਵੀ ਖੋਹਲਣ ਨਹੀਂ ਜਾਂਦੇ ਅਤੇ ਇਹ ਮੋਘੇ ਅਕਸਰ ਘਾਹ ਫੂਸ ਨਾਲ ਬੰਦ ਹੋ ਜਾਂਦੇ ਹਨ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਮੁਲਾਜ਼ਮ ਖੁਦ ਜਾਣਬੱੁਝ ਕੇ ਮੋਘੇ ਬੰਦ ਕਰ ਦਿੰਦੇ ਹਨ ਤਾਂ ਕਿ ਉਨਾਂ ਨੂੰ ਪਾਣੀ ਨਾ ਛਡਣਾ ਪਵੇ। ਉਨਾਂ ਦੱਸਿਆ ਕਿ ਉਹ ਹਰ ਰੋਜ ਸਵੇਰੇ ਸੈਰ ਕਰਨ ਗਏ ਇਹ ਮੋਘੇ ਖੋਹਲ ਕੇ ਆਉਂਦੇ ਹਨ ਪਰ ਇਨਾਂ ਨੂੰ ਪਤਾ ਨਹੀਂ ਫਿਰ ਕੌਣ ਬੰਦ ਕਰ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸਲ ਵਿਚ ਇਹ ਜਲ ਘਰ ਸਬੰਧਤ ਮੁਲਾਜ਼ਮਾਂ ਨੂੰ ਠੇਕੇ ’ਤੇ ਦਿੱਤੇ ਹੋਣ ਕਾਰਨ ਇਹ ਹੀ ਜਲ ਘਰ ਦਾ ਬਿਜਲੀ ਬਿੱਲ ਭਰਦੇ ਹਨ। ਬਿਜਲੀ ਬਿੱਲ ਦੀ ਬੱਚਤ ਕਰਨ ਦੇ ਮਾਰੇ ਇਹ ਮੁਲਾਜ਼ਮ ਜਾਣਬੱੁਝ ਕੇ ਟੈਂਕ ਖਾਲੀ ਰਖਦੇ ਹਨ ਤਾਂ ਕਿ ਉਨਾਂ ਨੂੰ ਬਿੱਲ ਘੱਟ ਤੋਂ ਘੱਟ ਭਰਨਾ ਪਵੇ। ਪਿਛਲੇ ਕੁਝ ਦਿਨਾਂ ਤੋਂ ਭਦੌੜ ਰਜਵਾਹੇ ਵਿਚ ਬਹੁਤ ਖਤਰਨਾਕ ਕਿਸਮ ਦਾ ਕਾਲਾ ਤੇਜ਼ਾਬੀ ਪਾਣੀ ਆ ਰਿਹਾ ਹੈ। ਇਸ ਤੇਜਾਬੀ ਪਾਣੀ ਖਿਲਾਫ ਅਵਾਜ ਨਾ ਉਠਾਉਣ ਕਾਰਨ ਜਲ ਘਰਾਂ ਵਿਚ ਇਹ ਪਾਣੀ ਬਿਨਾ ਫਿਲਟਰ ਕੀਤਿਆਂ ਹੀ ਛੱਡ ਦਿੱਤਾ ਜਾਂਦਾ ਹੈ। ਵੈਲਫੇਅਰ ਕਲੱਬ ਗੋਬਿੰਦਗੜ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਲ ਘਰ ਦੇ ਤੇਜਾਬੀ ਪਾਣੀ ਕਾਰਨ ਇਸ ਸਮੇਂ ਲੋਕ ਪੇਟ ਲਾਗ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਜੇ ਇਸ ਤਰਾਂ ਰਿਹਾ ਤਾਂ ਲੋਕਾਂ ਨੂੰ ਇਸ ਪਾਣੀ ਨਾਲ ਕਈ ਹੋਰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਸਬੰਧੀ ਜਦ ਫਤਿਹਗੜ ਦੇ ਸਰਪੰਚ ਜੰਮੂ ਕਸ਼ਮੀਰ ਸਿੰਘ ਅਤੇ ਜੀਵਨ ਸਿੰਘ ਦਬੜੀਖਾਨਾ ਦੇ ਸਰਪੰਚ ਤੇਜ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਚੋਣਾ ਵਿਚ ਉਲਝੇ ਹੋਣ ਕਾਰਨ ਇਸ ਪਾਸੇ ਧਿਆਨ ਨਹੀਂ ਦੇ ਸਕੇ ਅਤੇ ਹੁਣ ਜਲਦ ਹੀ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ। ਲੋਕਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਿਹਤ ਦਾ ਖਿਆਲ ਕਰਦਿਆਂ ਜਲਦ ਤੋਂ ਜਲਦ ਇਨਾਂ ਜਲ ਘਰਾਂ ਦੀ ਸਪਲਾਈ ਸਹੀ ਕਰਵਾਈ ਜਾਵੇ।


