ਨਸ਼ਾ ਛੁਡਾਊ ਕੇਂਦਰ 'ਤੇ ਛਾਪਾ,ਪ੍ਰਸ਼ਾਸਨ ਵੱਲੋਂ ਛੁਡਾਏ ਅਣਮਨੁੱਖੀ ਤਸ਼ੱਦਦ ਦੇ ਸ਼ਿਕਾਰ 50 ਤੋਂ ਵੱਧ ਨੌਜਵਾਨਾਂ ਨੇ ਆਖਿਆ '' ਸ਼ੇਰ ਦੇ ਮੂੰਹ 'ਚੋਂ ਬੱਚ ਕੇ ਆਏ ਹਾਂ''

ਬਾਘਾਪੁਰਾਣਾ, 28 ਅਪਰੈਲ (ਜਸ਼ਨ): ਮੋਗਾ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਆਲਮਵਾਲਾ ਵਿਖੇ ਸਥਿਤ ਨਿੱਜੀ ਨਸ਼ਾ ਛੁਡਾਊ ਕੇਂਦਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੇਡ ਕਰਕੇ ਕੇਂਦਰ ਦੇ ਸਟਾਫ਼ ,ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਨੌਜਵਾਨਾਂ ਅਤੇ ਉੱਥੋਂ ਦਾ ਸਾਰਾ ਸਾਜੋ ਸਮਾਨ ਆਪਣੇ ਕਬਜੇ ਵਿਚ ਲੈ ਲਿਆ । ਰਾਤ 11 ਕੁ ਵਜੇ ਪੁਲਿਸ ਐਂਬੂਲੈਂਸਾਂ ਸਮੇਤ ਕੇਂਦਰ ਵਿਚ ਪਹੁੰਚੀ ਅਤੇ ਕੇਂਦਰ ' ਚ ਦਾਖਲ 50 ਤੋਂ ਵੱਧ ਨੌਜਵਾਨਾਂ ਨੂੰ ਆਪਣੀ ਹਿਫ਼ਾਜ਼ਤ ਵਿਚ ਲੈ ਕੇ ਸਿਵਲ ਹਸਪਤਾਲ ਮੋਗਾ ਪਹੁੰਚੀ ਅਤੇ ਉੱਥੇ ਮੈਡੀਕਲ ਕਰਵਾਉਣ ਉਪਰੰਤ ਉਹਨਾਂ ਨੌਜਵਾਨਾਂ ਨੂੰ ਜਨੇਰ ਅਤੇ ਮੋਗਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਕੁਝ ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਕੇਂਦਰ 'ਚ ਨਸ਼ਾ ਛੱਡਣ ਲਈ ਦਾਖਲ ਹੋਇਆ ਇਕ ਨੌਜਵਾਨ ਉੱਥੋਂ ਭੱਜਣ ਵਿਚ ਸਫ਼ਲ ਹੋ ਗਿਆ ਕਿਉਂਕਿ ਉਸ ਨੇ ਕੇਂਦਰ ਵਿਚ ਲੜਕਿਆਂ 'ਤੇ ਤਸ਼ਦੱਦ ਹੁੰਦਾ ਆਪਣੇ ਅੱਖੀਂ ਦੇਖਿਆ ਤੇ ਉਸ ਨੇ ਇਸ ਬਾਰੇ ਵਿਚ ਜਾਣਕਾਰੀ ਦੇਣ ਲਈ ਪਹਿਲਾਂ ਦਰਖਾਸਤਾਂ ਜ਼ਿਲ•ਾ ਪੱਧਰ 'ਤੇ ਦਿੱਤੀਆਂ ਪਰ ਸੁਣਵਾਈ ਨਾ ਹੋਣ ਕਾਰਨ ਉਸ ਨੇ ਇਸ ਸੰਬਧੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਿਸ ਦੇ ਨਤੀਜੇ ਵਜੋਂ ਰਾਤ ਪੁਲਿਸ ਵੱਲੋਂ ਕੇਂਦਰ 'ਤੇ ਰੇਡ ਕੀਤੀ ਗਈ ਅਤੇ ਸਾਰਾ ਕੁਝ ਆਪਣੇ ਕਬਜ਼ੇ ਵਿਚ ਕਰ ਕੇ ਇਸ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ।
ਇਸ ਸਬੰਧੀ ਮੋਗਾ ਦੇ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਕੇਂਦਰ ਵੱਲੋਂ ਲਾਇਸੈਂਸ ਲੈਣ ਵਾਸਤੇ ਅਪਲਾਈ ਕੀਤਾ ਗਿਆ ਸੀ ਅਤੇ ਉਹ ਖੁਦ ਇਸ ਕੇਂਦਰ ਦਾ ਨਿਰੀਖਣ ਕਰਨ ਆਏ ਸਨ ਪਰ 25 ਵਿਅਕਤੀਆਂ ਵਾਲੇ ਇਸ ਕੇਂਦਰ ਵਿਚ 80 ਤੋਂ ਵੱਧ ਨੌਜਵਾਨ ਹਾਜ਼ਰ ਹੋਣ ਕਾਰਨ ਇਹਨਾਂ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾੳੂ ਕੇਂਦਰਾਂ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਨਸ਼ਾ ਛੱਡਣ ਆਏ ਨੌਜਵਾਨਾਂ ’ਤੇ ਕੇਂਦਰ ਪ੍ਰਬੰਧਕਾਂ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਦੇ ਜਵਾਬ ਵਿਚ ਏ ਡੀ ਸੀ ਨੇ ਆਖਿਆ ਕਿ ਤਸ਼ੱਦਦ ਦੀ ਇਹ ਘਟਨਾ ਉਹਨਾਂ ਦੇ ਧਿਆਨ ਵਿਚ ਆਈ ਹੈ ਇਸੇ ਕਰਕੇ ਨਸ਼ਾ ਛੱਡਣ ਆਏ ਇਹਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹਨਾਂ ਵਿਚੋਂ ਕਾਫ਼ੀ ਮਾਪੇ ਆ ਕੇ ਆਪਣੇ ਬੱਚਿਆਂ ਨੂੰ ਲੈ ਗਏ ਹਨ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੱਲ ਪੂਰਾ ਦਿਨ ਪੁਲਿਸ ਵੱਲੋਂ ਇਸ ਕੇਂਦਰ 'ਤੇ ਨਜ਼ਰ ਰੱਖੀ ਜਾ ਰਹੀ ਸੀ ਤਾਂ ਕਿ ਇਸ ਨਿੱਜੀ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸੁਖਵੰਤ ਸਿੰਘ ਬਰਾੜ ਨੂੰ ਕਾਬੂ ਕੀਤਾ ਜਾ ਸਕੇ ਪਰ ਉਸ ਨੂੰ ਪਹਿਲਾਂ ਹੀ ਇਸ ਗੱਲ ਭਿਣਕ ਲੱਗ ਗਈ ਸੀ ਜਿਸ ਕਾਰਨ ਉਹ ਕਿਤੇ ਆਸੇ ਪਾਸੇ ਹੋ ਗਿਆ ਸੀ। ਭਰੋਸੇਯੋਗ ਸੂਤਰਾਂ ਮੁਤਾਬਕ ਇਹ ਕੇਂਦਰ ਬਾਘਾਪੁਰਾਣਾ ਦੇ ਵਾਸੀ ਸੁਖਵੰਤ ਸਿੰਘ ਬਰਾੜ ਵੱਲੋਂ ਚਲਾਇਆ ਜਾ ਰਿਹਾ ਹੈ । ਨਸ਼ਾ ਛੱਡਣ ਆਏ ਨੌਜਵਾਨਾਂ ਵੱਲੋਂ ਉਹਨਾਂ ਨਾਲ ਕੇਂਦਰ ਵਿਚ ਹੁੰਦੇ ਅਣਮਨੁੱਖੀ ਵਿਵਹਾਰ ਬਾਰੇ ਮੀਡੀਆ ਨੂੰ ਦੱਸਿਆ ਗਿਆ ਸੀ ਪਰ ਇਸ ਕੇਂਦਰ ਦਾ ਮਾਲਕ ਸਿਆਸੀ ਅਸਰ ਰਸੂਖ ਵਾਲਾ ਹੋਣ ਕਰਕੇ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਸੀ ਤੇ ਇਹ ਕੇਂਦਰ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਨਿਰੰਤਰ ਚੱਲਦਾ ਰਿਹਾ । ਪਹਿਲਾਂ ਵੀ ਇਸ ਨਸ਼ਾ ਛੁਡਾਊ ਕੇਂਦਰ ਅੰਦਰ ਨੌਜਵਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਅਖਬਾਰਾਂ ਵਿਚ ਛਪਦਾ ਰਿਹਾ ਹੈ ਪਰ ਇਸ ਬਾਰੇ ਕਿਸੇ ਅਧਿਕਾਰੀ ਨੇ ਗੌਰ ਨਹੀਂ ਸੀ ਕੀਤੀ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕੇਂਦਰ 'ਚ ਦਾਖਲ ਹੋਣ ਆਏ ਜੰਮੂ ਦੇ ਨੌਜਵਾਨ ਵੱਲੋਂ ਕੇਂਦਰ ਦੇ ਮਾਲਕ ਨੂੰ ਗਾਲੀ ਗਲੋਚ ਕੀਤਾ ਜਾਂਦਾ ਸੀ ਜਿਸ ਕਾਰਨ ਉੱਥੇ ਮੌਜੂਦ ਸਾਰੇ ਨੌਜਵਾਨਾਂ ਦੀ ਕਲਾਸ ਲੱਗ ਜਾਂਦੀ ਸੀ। ਕੇਂਦਰ ਵਿਚੋਂ ਛੁਡਾ ਕੇ ਲਿਆਂਦੇ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਨਸ਼ਾ ਛੁਡਾਊ ਕੇਂਦਰ ਵਿਚ ਕੇਅਰ ਕਰਨ ਦੀ ਬਜਾਏ ਉਹਨਾਂ 'ਤੇ ਤਸ਼ਦੱਦ ਕੀਤਾ ਜਾ ਰਿਹਾ ਸੀ । ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਬਿਆਨ ਕਰਦਿਆਂ ਉਹਨਾਂ ਦੱਸਿਆ ਕਿ ਕੇਂਦਰ ਵਿਚ ਬੇਸ ਬਾਲਾਂ ,ਰਾਡਾਂ,ਰੱਸਾ ਪਾਇਪਾਂ ਅਤੇ ਹੋਰਨਾਂ ਢੰਗ ਤਰੀਕਿਆਂ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਕ ਨੌਜਵਾਨ ਨੇ ਦੱਸਿਆ ਕਿ ਜਦੋਂ ਵੀ ਕੋਈ ਨਵਾਂ ਲੜਕਾ ਕੇਂਦਰ ਵਿਚ ਦਾਖਲ ਹੁੰਦਾ ਸੀ ਤਾਂ ਉਸ ਨਾਲ ਬਾਹਰੋਂ ਮੁੰਡੇ ਲਿਆ ਕੇ ਕੁੱਟਮਾਰ ਕੀਤੀ ਜਾਂਦੀ ਸੀ ਤੇ ਕਦੇ ਕਦੇ ਮੂੰਹ ਵਿਚ ਗੰਦਾ ਪੋਚਾ ਪਾ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਅੰਦਰ ਗੁਰੁੱਪ ਨਾ ਬਣਾਵੇ ,ਭੱਜਣ ਦੀ ਪਲੈਨਿੰਗ ਨਾ ਬਣਾਵੇ । ਰੋਟੀ ਵੀ ਸੈਂਟਰ ਵਿਚ ਇਕ ਸਮਾਂ ਹੀ ਮਿਲਦੀ ਸੀ । ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਸ਼ੇਰ ਦੇ ਮੂੰਹ ਵਿਚੋਂ ਵਾਪਸ ਲਿਆਉਣ 'ਚ ਉਹਨਾਂ ਦੀ ਮਦਦ ਕੀਤੀ ਹੈ। ਸਿਵਲ ਹਸਪਤਾਲ ਵਿਚ ਪਹੁੰਚੇ ਇਹਨਾਂ ਸਾਰੇ ਨੌਜਵਾਨਾਂ ਨੇ ਆਖਿਆ ਕਿ ਉਹ ਆਪਣੇ ਪਰਿਵਾਰਾਂ ਵਿਚ ਵਾਪਸ ਜਾਣਾ ਚਾਹੁੰਦੇ ਹਨ ਤੇ ਹੁਣ ਉਹਨਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ। ਨੌਜਵਾਨਾਂ ਨੇ ਦੱਸਿਆ ਕਿ ਉਹਨਾਂ 'ਤੇ ਕੀਤਾ ਜਾਂਦਾ ਤਸ਼ਦੱਦ ਤਾਂ ਸ਼ਾਇਦ ਕਦੇ ਕਿਸੇ ਕਾਨੂੰਨ ਤੋਂ ਬਪਰਵਾਹੇ ਪੁਲਿਸ ਅਫਸਰ ਨੇ ਵੀ ਨਹੀਂ ਕੀਤਾ ਹੋਣਾ । ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਦੇ ਮਾਲਕ ਵੱਲੋਂ ਉਹਨਾਂ ਦੇ ਮਾਪਿਆਂ ਨੂੰ ਸੈਂਟਰ ਦੇ ਅੰਦਰ ਦੇ ਮਾਹੌਲ ਸਬੰਧੀ ਗੁਮਰਾਹ ਕੀਤਾ ਜਾਂਦਾ ਹੈ ਜਦ ਕਿ ਅੰਦਰੂਨੀ ਹਾਲਾਤ ਉਸ ਤੋਂ ਬਿੱਲਕੁੱਲ ਵੱਖਰੇ ਹਨ। ਉਹਨਾਂ ਇਹ ਵੀ ਦੱਸਿਆ ਕਿ ਉਹ ਹੁਣ ਠੀਕ ਹੋ ਚੁੱਕੇ ਹਨ ਪਰ ਉਹਨਾਂ ਨੂੰ ਹਾਲੇ ਘਰ ਨਹੀਂ ਭੇਜਿਆ ਗਿਆ ਤੇ ਨਾ ਹੀ ਉਹਨਾਂ ਦੀ ਗੱਲ ਉਹਨਾਂ ਦੇ ਮਾਪਿਆਂ ਨਾਲ ਕਰਵਾਈ ਗਈ ।-------ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ


