‘ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੇਖਕ ਯਤਨਸ਼ੀਲ ਨੇ : -ਨਾਵਲਕਾਰ ਜਰਨੈਲ ਸਿੰਘ ਸੇਖਾ ਕੈਨੇਡਾ

ਮੋਗਾ,4 ਮਾਰਚ (ਜਸ਼ਨ): ‘ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲੇਖਕ ਯਤਨਸ਼ੀਲ ਹਨ ਅਤੇ ਕੈਨੇਡਾ ਵਿਚ ਪੰਜਾਬੀ ਨਾਵਲਾਂ ਰਾਹੀਂ ਨਾਵਲਕਾਰ ਕੈਨੇਡੀਅਨ ਪੰਜਾਬੀ ਜੀਵਨ ਦੇ ਅੰਦਰਲੇ ਅਹਿਸਾਸਾਂ ਦਾ ਪ੍ਰਗਟਾਵਾ ਬੜੀ ਸੰਜੀਦਗੀ ਨਾਲ ਕਰ ਰਹੇ ਹਨ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਲੇਖਕ ਅਤੇ ਸਥਾਪਤ ਨਾਵਲਕਾਰ ਜਰਨੈਲ ਸਿੰਘ ਸੇਖਾ ਕੈਨੇਡਾ ਨੇ ਲੇਖਕ ਸੁਰਜੀਤ ਸਿੰਘ ਕਾਉਂਕੇ ਦੇ ਗ੍ਰਹਿ ਵਿਖੇ ਹੋਈ ਇਕ ਸਾਹਿਤਕ ਇਕੱਤਰਤਾ ਦੌਰਾਨ ਕੀਤਾ। ਉਨਾਂ ਕਿਹਾ ਕਿ ਕੈਨੇਡਾ ਵਿਖੇ ਗਲਪਕਾਰ ਪੰਜਾਬੀ ਗਲਪ ਨੂੰ ਨਵੇਂ ਮੁਕਾਮ ਤੇ ਪਹੁੰਚਾ ਰਹੇ ਹਨ ਅਤੇ ਇਸ ਨਾਲ ਪ੍ਰਵਾਸੀ ਪੰਜਾਬੀ ਗਲਪ ਦੀ ਇੱਕ ਵੱਖਰੀ ਪਛਾਣ ਸਥਾਪਤ ਹੋਈ ਹੈ। ਇਸ ਮੌਕੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਜਰਨੈਲ ਸਿੰਘ ਸੇਖਾ ਦੇ ਛਪੇ ਨਾਵਲਾਂ ਦੀ ਸਾਹਿਤਕ ਹਲਕਿਆਂ ਵਿੱਚ ਚਰਚਾ ਹੋਣ ਲੱਗੀ ਹੈ ਅਤੇ ਉਹ ਇਕ ਨਾਵਲਕਾਰ ਵਜੋਂ ਜਾਣਿਆ ਹੀ ਨਹੀਂ ਜਾਂਦਾ ਸਗੋਂ ‘ਦੁਨੀਆਂ ਕੈਸੀ ਹੋਈ’ ‘ਭਗੌੜਾ’ ‘ਵਿਗੋਚਾ’ ਅਤੇ ‘ਬੇਗਾਨੇ’ ਨਾਵਲਾਂ ਨੇ ਜਰਨੈਲ ਸਿੰਘ ਸੇਖਾ ਨੂੰ ਪੰਜਾਬੀ ਨਾਵਲ ਦੀ ਮੁੱਖਧਾਰਾ ਵਿੱਚ ਲੈ ਆਂਦਾ ਹੈ। ਮੀਟਿੰਗ ਦੌਰਾਨ ਪ੍ਰਸਿੱਧ ਆਲੋਚਕ ਡਾ: ਸੁਰਜੀਤ ਬਰਾੜ ਘੋਲੀਆ ਨੇ ਕਿਹਾ ਕਿ ਨਾਵਲਕਾਰਾਂ ਦੀ ਕਤਾਰ ਵਿੱਚ ਜਰਨੈਲ ਸਿੰਘ ਸੇਖਾ ਇੱਕ ਉੱਭਰਵਾਂ ਹਸਤਾਖਰ ਅਤੇ ਮਾਰਕਸਵਾਦੀ ਦਿ੍ਰਸ਼ਟੀ ਦਾ ਲਖਾਇਕ ਹੈ । ਉਨਾਂ ਨੇ ਆਪਣੇ ਨਾਵਲਾਂ ਵਿੱਚ ਵਿਲੱਖਣ ਅਤੇ ਨਿਵੇਕਲੀ ਕਿਸਮ ਦੀ ਟੋਨ ਤੇ ਜੁਗਤ ਵਰਤਦਿਆਂ ਪੰਜਾਬੀ ਨਾਵਲਕਾਰੀ ਵਿੱਚ ਅਸਲੋਂ ਹੀ ਨਵੀਨਤਮ ਤਜ਼ਰਬਾ ਸਿਰਜਿਆ ਹੈ । ਸੁਰਜੀਤ ਸਿੰਘ ਕਾਉਂਕੇ ਨੇ ਬੋਲਦਿਆਂ ਕਿਹਾ ਕਿ ਸੇਖਾ ਇੱਕ ਪ੍ਰਤੀਬੱਧ ,ਚੇਤਨਸ਼ੀਲ , ਜਾਗਰੂਕ ਤੇ ਸਰਬਾਂਗੀ ਲੇਖਕ ਹੈ ਅਤੇ ਪਾਠਕਾਂ ਨੂੰ ਉਨਾਂ ਤੋਂ ਹੋਰ ਵਡੇਰੀਆਂ ਆਸਾਂ ਹਨ । ਇਸ ਮੌਕੇ ਜਰਨੈਲ ਸਿੰਘ ਸੇਖਾ ਨੇ ਸੁਰਜੀਤ ਸਿੰਘ ਕਾਉਂਕੇ ਨੂੰ ਆਪਣੀਆਂ ਪੁਸਤਕਾਂ ਭੇਂਟ ਕੀਤੀਆਂ । ਕਾਉਂਕੇ ਦੇ ਸਮੂਹ ਪਰਿਵਾਰ ਨੇ ਸਾਹਿਤਕ ਇਕੱਤਰਤਾ ਵਿਚ ਪਹੁੰਚੇ ਲੇਖਕਾਂ ਦਾ ਧੰਨਵਾਦ ਕੀਤਾ।


