ਫਾਹਾ ਲੈ ਕੇ 24 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ ,ਵਿਆਹ ਦੀਆਂ ਚੱਲ ਰਹੀਆਂ ਸਨ ਤਿਆਰੀਆਂ

ਮੋਗਾ,4 ਅਪਰੈਲ (ਜਸ਼ਨ): ਮੋਗਾ ਜ਼ਿਲੇ ਦੇ ਪਿੰਡ ਕੋਕਰੀ ਕਲਾਂ ‘ਚ ਬੀਤੀ ਰਾਤ 24 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਸੁਲੱਖਣ ਸਿੰਘ ਏ ਐੱਸ ਆਈ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੇ ਬਾਪ ਸ਼ਾਮ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਦਿਹਾੜੀ ਕਰਦਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਘਰ ਵਿਚ ਉਸ ਦੇ ਵਿਆਹ ਲਈ ਲੜਕੀ ਦੇਖਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ । ਉਹਨਾਂ ਦੱਸਿਆ ਕਿ ਉਹਨਾਂ ਨੇ ਹਰਪ੍ਰੀਤ ਲਈ ਇਕ ਵੱਖਰਾ ਕਮਰਾ ਬਣਾਇਆ ਸੀ ਜਿੱਥੇ ਉਹ ਆਪਣੇ ਵਿਆਹ ਤੋਂ ਬਾਅਦ ਆਪਣੀ ਹੋਣ ਵਾਲੀ ਪਤਨੀ ਨਾਲ ਰਹਿਣਾ ਸੀ । ਮਿ੍ਰਤਕ ਦੇ ਬਾਪ ਨੇ ਇਹ ਵੀ ਦੱਸਿਆ ਕਿ ਹਰਪ੍ਰੀਤ ਪਿਛੇ ਕੁਝ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ ਤੇ ਉਸ ਦੇ ਇਲਾਜ ਲਈ ਉਹਨਾਂ ਦਾ ਕਾਫ਼ੀ ਖਰਚਾ ਆਇਆ ਸੀ ਇਸ ਲਈ ਵੀ ਹਰਪ੍ਰੀਤ ਪਰੇਸ਼ਾਨੀ ਵਿਚ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਨੇ ਆਖਿਆ ਕਿ ਹੋ ਸਕਦਾ ਹੈ ਇਸੇ ਪਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਹੋਵੇ। ਮਿ੍ਰਤਕ ਦੇ ਜੀਜੇ ਜਸਪਾਲ ਸਿੰੰਘ ਨੇ ਦੱਸਿਆ ਕਿ ਹੁਣ ਉਹਨਾਂ ਨੇ ਹਰਪ੍ਰੀਤ ਲਈ ਲੜਕੀ ਦੇਖਣ ਜਾਣਾ ਸੀ ਤੇ ਘਰ ਵਿਚ ਗੱਲ ਚੱਲ ਰਹੀ ਸੀ ਕਿ ਜੇ ਉਹਨਾਂ ਨੂੰ ਲੜਕੀ ਪਸੰਦ ਆ ਗਈ ਤਾਂ ਉਹ ਸਾਦੇ ਢੰਗ ਨਾਲ ਚੰੁਨੀ ਚੜ੍ਹਾ ਕੇ ਹੀ ਵਿਆਹ ਕਰ ਲੈਣਗੇ ਪਰ ਬੁੱਧਵਾਰ ਰਾਤ ਨੂੰ ਹਰਪ੍ਰੀਤ ਆਪਣੇ ਕਮਰੇ ਵਿਚ ਚੰਗਾ ਭਲਾ ਸੁੱਤਾ ਸੀ ਤੇ ਸਵੇਰ ਸਮੇਂ ਪਰਿਵਾਰ ਵਾਲਿਆਂ ਨੇ ਉਸ ਨੂੰ ਪੱਖੇ ਨਾਲ ਲਟਕਿਆ ਦੇਖਿਆ । ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਮਿ੍ਰਤਕ ਹਰਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। *****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


