ਲੋੜਵੰਦਾਂ ਨੂੰ ਰੋਸ਼ਨੀ ਪ੍ਰਦਾਨ ਕਰਨਾ ਸਭ ਤੋਂ ਵੱਡੀ ਸੇਵਾ ਜੱਸੀ ਦੀਨਾ

ਮੋਗਾ,4 ਅਪਰੈਲ (ਜਸ਼ਨ) : ਚਾਲੀ ਸਾਲ ਤੋਂ ਉਪਰ ਉਮਰ ਦੇ 20 ਪ੍ਰਤੀਸ਼ਤ ਲੋਕ ਹਰ ਸਾਲ ਚਿੱਟੇ ਮੋਤੀਏ ਦਾ ਸ਼ਿਕਾਰ ਹੋ ਕੇ ਆਪਣੀ ਅੱਖਾਂ ਦੀ ਰੋੋਸ਼ਨੀ ਗਵਾ ਬੈਠਦੇ ਹਨ, ਜਿਸ ਕਾਰਨ ਉਹ ਦੁਨੀਆਂ ਦੇ ਰੰਗ ਤਮਾਸ਼ੇ ਵੇਖਣ ਤੋਂ ਵਾਂਝੇ ਰਹਿ ਜਾਂਦੇ ਹਨ । ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ, ਅਜਿਹੇ ਵਿੱਚ ਇਹਨਾਂ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ ਅੱਖਾਂ ਦੇ ਮੁਫਤ ਚੈਕਅੱਪ ਅਤੇ ਲੈਂਜ਼ ਕੈਂਪ ਲਗਾਏ ਜਾ ਰਹੇ ਹਨ ਹਨ, ਜੋ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੂਰਲ ਐਨ.ਜੀ.ਓ. ਬਲਾਕ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਦੀਨਾ ਵੱਲੋਂ ਆਨੰਦ ਈਸਰ ਸਪੋਰਟਸ ਕਲੱਬ ਦੀਨਾ ਸਾਹਿਬ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਗੁਰਦੁਆਰਾ ਜ਼ਫਰਨਾਮਾ ਸਾਹਿਬ ਪਿੰਡ ਦੀਨਾ ਸਾਹਿਬ ਵਿਖੇ ਲਗਾਏ ਗਏ ਅੱਖਾਂ ਦੇ 381ਵੇਂ ਮੁਫਤ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਕੈਂਪ ਵਿੱਚ ਜਗਦੰਬਾ ਆਈ ਹਸਪਤਾਲ ਬਾਘਾਪੁਰਾਣਾ ਦੀ ਟੀਮ ਵੱਲੋਂ ਡਾ. ਵਿਸ਼ਾਲ ਬਰਾੜ ਦੀ ਅਗਵਾਈ ਵਿੱਚ 810 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ । 163 ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 68 ਮਰੀਜਾਂ ਦੀ ਮੋਤੀਏ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ, ਜਿਨਾਂ ਦੇ ਅਗਲੇ ਦੋ ਦਿਨਾਂ ਦੌਰਾਨ ਜਗਦੰਬਾ ਆਈ ਹਸਪਤਾਲ ਬਾਘਾਪੁਰਾਣਾ ਵਿਖੇ ਮੁਫਤ ਅਪਰੇਸ਼ਨ ਕੀਤੇ ਜਾਣਗੇ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਮੋਗਾ ਜਿਲੇ ਵਿੱਚ 34 ਕੈਂਪ ਲਗਾਏ ਜਾ ਚੁੱਕੇ ਹਨ ਤੇ ਇਸ ਸਾਲ ਦਾ ਇਹ ਛੇਵਾਂ ਕੈਂਪ ਹੈ, ਜਿਸ ਵਿੱਚ ਹੁਣ ਤੱਕ ਹਜਾਰਾਂ ਮਰੀਜ ਲਾਹਾ ਲੈ ਚੁੱਕੇ ਹਨ । ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਅਪਰੈਲ ਮਹੀਨੇ ਵਿੱਚ ਹੀ ਬਸਤੀ ਗੋਬਿੰਦਗੜ ਮੋਗਾ ਵਿੱਚ ਚੈਰੀਟੇਬਲ ਲੈਬ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਸਭ ਮਰੀਜਾਂ ਦੇ ਟੈਸਟ ਬਜ਼ਾਰ ਨਾਲੋਂ 90 ਪ੍ਤੀਸ਼ਤ ਸਸਤੇ ਰੇਟਾਂ ਤੇ ਕੀਤੇ ਜਾਣਗੇ। ਉਹਨਾਂ ਮਰੀਜਾਂ ਨੂੰ ਅਪਰੇਸ਼ਨ ਤੋਂ ਬਾਅਦ ਡਾਕਟਰ ਦੀ ਸਲਾਹ ਮੁਤਾਬਕ ਅੱਖਾਂ ਦਾ ਖਿਆਲ ਰੱਖਣ ਦੀ ਸਲਾਹ ਵੀ ਦਿੱਤੀ । ਇਸ ਮੌਕੇ ਆਨੰਦ ਈਸਰ ਸਪੋਰਟਸ ਕਲੱਬ ਵੱਲੋਂ ਮਰੀਜਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਪ੍ਬੰਧ ਕੀਤਾ ਗਿਆ । ਕਲੱਬ ਪ੍ਧਾਨ ਲਖਵਿੰਦਰ ਸਿੰਘ ਨੇ ਸਰਬੱਤ ਦਾ ਭਲਾ ਮੋਗਾ ਅਤੇ ਸਾਰੇ ਸਹਿਯੋਗੀ ਸੱਜਣਾਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਨ.ਜੀ.ਓ. ਦੇ ਪ੍ਧਾਨ ਗੁਰਚਰਨ ਸਿੰਘ ਰਾਜੂ ਪੱਤੋ, ਬਲਾਕ ਬਾਘਾ ਪੁਰਾਣਾ ਦੇ ਪ੍ਧਾਨ ਅਵਤਾਰ ਸਿੰਘ ਘੋਲੀਆ, ਰਣਜੀਤ ਸਿੰਘ ਮਾੜੀ ਮੁਸਤਫਾ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਜੀਤ ਸਿੰਘ ਮਾੜੀ, ਜੀਤੀ ਸਿੰਘ ਮਹਿਤਾ, ਅਮਰਜੀਤ ਸਿੰਘ, ਲਵਜੀਤ ਸਿੰਘ, ਮਹਿੰਦਰ ਸਿੰਘ, ਗੁਰਸੇਵਕ ਸਿੰਘ, ਜੀਵਨ ਸਿੰਘ, ਗੁਰਦਿੱਤ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਨਾਨਕ ਸਿੰਘ ਪੱਤੋ, ਹਰਨੇਕ ਸਿੰਘ ਪੱਤੋ ਅਤੇ ਸਾਧੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੋਹਤਬਰ ਅਤੇ ਮਰੀਜ ਹਾਜਰ ਸਨ ।