ਕੈਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪੋਲਿੰਗ ਵਲੰਟੀਅਰਾਂ ਨੂੰ ਵੀ.ਵੀ.ਪੈਟ. ਮਸ਼ੀਨਾਂ ਬਾਰੇ ਸਿਖਲਾਈ ਦੇਣ ਲਈ ਲਗਾਇਆ ਸਿਖਲਾਈ ਕੈਂਪ

ਮੋਗਾ 4 ਅਪ੍ਰੈਲ:(ਜਸ਼ਨ): ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਆਦੇਸ਼ਾਂ ਅਨੁਸਾਰ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਬੂਥਾਂ ਤੇ ਦਿਵਿਆਂਗ ਵੋਟਰਾਂ, ਸੀਨੀਅਰ ਨਾਗਰਿਕਾਂ ਅਤੇ ਨਵੇ ਵੋਟਰਾਂ ਦੀ ਸਹਾਇਤਾ ਲਈ ਦੋ-ਦੋ ਪੋਲ ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਇਨਾਂ ਪੋਲਿੰਗ ਵਲੰਟੀਅਰਾਂ ਨੂੰ ਵੀ.ਵੀ.ਪੈਟ. ਮਸ਼ੀਨਾਂ ਬਾਰੇ ਸਿਖਲਾਈ ਦੇਣ ਲਈ ਅੱਜ ਕੈਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਿਖਲਾਈ ਕੈਂਪ ਲਗਾਇਆ ਗਿਆ, ਤਾਂ ਜੋ ਇਹ ਵਲੰਟੀਅਰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ‘ਤੇ ਦਿਵਿਆਂਗ ਵੋਟਰਾਂ ਤੇ ਸੀਨੀਅਰ ਨਾਗਰਿਕਾਂ ਨੂੰ ਯੋਗ ਅਗਵਾਈ ਪ੍ਰਦਾਨ ਕਰਕੇ ਉਨਾਂ ਨੂੰ ਸਹਿਯੋਗ ਦੇ ਸਕਣ। ਇਸ ਮੌਕੇ ਜ਼ਿਲਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਹਾਜ਼ਰ ਵਲੰਟੀਅਰਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ. ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ. ਮਸ਼ੀਨ ਦੇ ਨਾਲ-ਨਾਲ ਵੀ.ਵੀ.ਪੈਟ. ਦੀ ਵੀ ਵਰਤੋਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਵੀ.ਵੀ.ਪੈਟ ਰਾਹੀਂ ਵੋਟਰ ਇਸ ਗੱਲ ਦੀ ਤਸੱਲੀ ਕਰ ਸਕਦੇ ਹਨ ਕਿ ਉਨਾਂ ਨੇ ਜਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ, ਉਨਾਂ ਦੀ ਵੋਟ ਉਸੇ ਉਮੀਦਵਾਰ ਨੂੰ ਹੀ ਪਈ ਹੈ। ਇਸ ਮੌਕੇ ਲੈਕਚਰਾਰ ਅਜੀਤਪਾਲ ਸਿੰਘ, ਆਂਗਣਵਾੜੀ ਵਰਕਰਾਂ, ਭਾਰਤ ਸਕਾਊਟ ਗਾਈਡ ਦੇ ਵਲੰਟੀਅਰ ਆਦਿ ਹਾਜ਼ਰ ਸਨ।


