ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੈਰ-ਕਾਨੂੰਨੀ ਸ਼ਰਾਬ ਦੇ ਮੁੱਦੇ ‘ਤੇ ਬਾਜ ਅੱਖ ਰੱਖਣ-ਡਿਪਟੀ ਕਮਿਸ਼ਨਰ

ਮੋਗਾ 4 ਅਪਰੈਲ (ਜਸ਼ਨ): ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਮੁੱਦੇ ‘ਤੇ ਬਾਜ ਅੱਖ ਰੱਖਣ ਲਈ ਕਿਹਾ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲੋ ਨਜਾਇਜ਼ ਸ਼ਰਾਬ, ਹੋਰ ਨਸ਼ਾ ਜਾਂ ਕੋਈ ਵੀ ਪਾਬੰਦੀਸ਼ੁਦਾ ਵਸਤੂ ਪਕੜੀ ਜਾਂਦੀ ਹੈ ਤਾਂ ਉਸ ਵਿਅਕਤੀ ਵਿਰੁੱਧ ਬਿਨਾਂ ਕਿਸੇ ਦੇਰੀ ਦੇ ਅਗਲੇਰੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਪਰਮਿਟ ਤੋ ਸ਼ਰਾਬ ਰੱਖਣ ਦੀ ਇਜ਼ਾਜਤ ਨਹੀ ਹੈ ਅਤੇ ਕੋਈ ਵੀ ਵਿਅਕਤੀ ਦੋ ਬੋਤਲਾਂ ਤੋ ਵੱਧ ਸ਼ਰਾਬ ਆਪਣੇ ਘਰ ਵਿੱਚ ਨਹੀ ਰੱਖ ਸਕਦਾ। ਉਨਾਂ ਜ਼ਿਲੇ ਦੇ ਨਾਗਰਿਕਾਂ ਨੂੰ ਕਿਸੇ ਦਬਾਅ, ਨਸ਼ੇ ਜਾਂ ਧਨ ਦੇ ਲਾਲਚ ਤੋ ਬਗੈਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੀਤਾ ਦਰਸ਼ੀ, ਐਸ.ਪੀ. (ਹੈਡ) ਰਤਨ ਸਿੰਘ ਬਰਾੜ, ਸਹਾਇਕ ਕਮਿਸ਼ਨਰ ਲਾਲ ਵਿਸਵਾਸ਼ ਬੈਸ, ਐਸ.ਡੀ.ਐਮ. ਮੋਗਾ ਗੁਰਵਿੰਦਰ ਸਿੰਘ, ਐਸ.ਡੀ.ਐਮ. ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਡਾ. ਮਨਦੀਪ ਕੌਰ, ਐਸ.ਡੀ.ਐਮ. ਬਾਘਾਪੁਰਾਣਾ ਸਵਰਨਜੀਤ ਕੌਰ, ਕਰ ਤੇ ਆਬਕਾਰੀ ਕਮਿਸ਼ਨਰ ਮਦਨ ਮੋਹਨ ਸਿੰਘ ਅਤੇ ਈ.ਟੀ.ਓ. (ਐਕਸਾਈਜ਼) ਪਿਆਰਾ ਸਿੰਘ ਹਾਜ਼ਰ ਸਨ।