ਪਿੰਡ ਅਖਾੜਾ ਦਾ ਛਿੰਝ ਮੇਲਾ 5 ਅਪ੍ਰੈਲ ਨੂੰ

ਜਗਰਾਓਂ ,4 ਅਪਰੈਲ (ਕੁਲਦੀਪ ਸਿੰਘ ਲੋਹਟ) ਲੋਕ ਖੇਡਾਂ ਵਿਚ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਰਵਾਇਤੀ ਖੇਡਾਂ ਵਿਚ ਕੁਸ਼ਤੀਆਂ ਦਾ ਆਪਣਾਂ ਅਹਿਮ ਸਥਾਨ ਹੈ। ਪੰਜਾਬ ਦੀ ਮਾਣਮੱਤੀ ਧਰਤੀ ਦਾ ਇਤਿਹਾਸ ਕੁਸ਼ਤੀਆਂ ਦੇ ਨਾਲ ਅਖਾੜਿਆਂ ਦੀ ਮਾਣਮੱਤੀ ਤਸਵੀਰ ਪੇਸ਼ ਕਰਦਾ ਹੈ। ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਮਾਲਵੇ ਦੀ ਮਿੱਟੀ ਦੇ ਇਤਿਹਾਸਕ ਪਿੰਡ ਅਖਾੜਾ ਦੀ ਛਿੰਝ ਕੋਈ ਆਮ ਮੇਲਿਆਂ ਵਰਗੀ ਛਿੰਝ ਨਹੀਂ ਹੈ,ਸਗੋਂ ਇਸ ਧਰਤੀ ਨੂੰ ਮਹਾਨ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਹੈ। ਕੁਰੂਕਸ਼ੇਤਰ ਦੀ ਜੰਗ ਤੋਂ ਬਾਅਦ ਕੌਰਵ ਪਾਂਡਵ ਇਸ ਧਰਤੀ 'ਤੇ ਆ ਕੇ ਕਸਰਤ ਕਰਦੇ ਤੇ ਕੁਸ਼ਤੀ ਦੰਗਲ ਲੜਦੇ ਰਹੇ ਹਨ। ਉਹਨਾਂ ਦੇ ਕੁਸ਼ਤੀ ਲੜਨ ਕਰਕੇ ਇਹ ਸਥਾਨ ਦਾ ਨਾਂ ਅਖਾੜਾ ਪਿਆ। ਇਹ ਪਿੰਡ ਅਨੇਕਾਂ ਵਾਰ ਉਜੜਿਆ ਤੇ ਵਸਿਆ। ਇਸ ਅਸਥਾਨ ਦਾ ਨਾਂ ਅਖਾੜਾ ਹੋਣ ਕਰਕੇ ਪੁਰਾਣੇ ਸਮਿਆਂ ਵਿਚ ਪਹਿਲਵਾਨਾਂ ਦਾ ਅਖਾਡ਼ਾ ਹੋਇਆ ਕਰਦਾ ਸੀ।ਇਸ ਤਰਾਂ ਘੋਲ ਕੁਸ਼ਤੀਆਂ ਕਰਨ ਦੀ ਰਵਾਇਤੀ ਪ੍ਰੰਪਰਾ ਸਾਲਾਂ ਪੁਰਾਣੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਚੇਤ ਚੌਦਸ ਦੀ ਮੱਸਿਆ ਵੇਲੇ ਲੱਗਦੇ ਜੋੜ ਮੇਲੇ ਦੌਰਾਨ ਪਹਿਲਵਾਨਾਂ ਦੇ ਘੋਲ ਕਰਵਾਉਣ ਦੀ ਪਰੰਪਰਾ ਦਾ ਅਗਾਜ਼ ਵੀ ਹੋਇਆ। ਹਰ ਸਾਲ ਨਾਮੀ ਪਹਿਲਵਾਨ ਜੋਰ ਅਜਮਾਈ ਕਰਨ ਪੁੱਜਦੇ ਹਨ। ਨਵੇਂ ਪਹਿਲਵਾਨ ਆਪਣੀ ਸਰੀਰਕ ਤਾਕਤ ਮਜਬੂਤ ਕਰਨ ਤੇ ਤੰਦਰੁਸਤੀ ਦੀ ਕਾਮਨਾਂ ਲਈ ਸੁੱਖਣਾਂ ਸੁੱਖ ਕੇ ਕੁਸ਼ਤੀ ਲੜਦੇ ਹਨ। ਇਹ ਅਖਾੜਾ ਪੰਜਾਬ ਦੇ ਨਾਮੀ ਛਿੰਝ ਮੇਲਿਆਂ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰੀ ਬੈਠਾ ਹੈ। ਗ੍ਰਾਮ ਪੰਚਾਇਤ ਵਲੋਂ ਪਹਿਲਵਾਨਾਂ ਨੂੰ ਵੱਡੇ-ਵੱਡੇ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਹੈ।ਪਿੰਡ ਦੇ ਪ੍ਰਵਾਸੀ ਪੰਜਾਬੀ ਤੇ ਉੱਘੇ ਸਮਾਜ ਸੇਵਕ ਟਹਿਲ ਸਿੰਘ ਨੇ ਕੁਸ਼ਤੀਆਂ ਵਿਚ ਉਤਸੁਕਤਾ ਨੂੰ ਹੋਰ ਵੀ ਵਡਾਵਾ ਦੇਣ ਦੇ ਸੰਕਲਪ ਅਧੀਨ ਆਪਣੇ ਬਜੁਰਗਾਂ ਦੁਆਰਾ ਚਲਾਈ ਰਵਾਇਤੀ ਪ੍ਰੰਪਰਾ ਨੂੰ ਕਾਇਮ ਤੇ ਦਾਇਮ ਰੱਖਣ ਲਈ ਸਟੇਡੀਅਮ ਦਾ ਨਿਰਮਾਣ ਕਾਰਜ ਅਰੰਭਿਆ।ਗ੍ਰਾਮ ਪੰਚਾਇਤ, ਐਨ. ਆਰ. ਆੲੀ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਲੱਖਾਂ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਤਿਆਰ ਕਰਵਾ ਕੇ ਇਕ ਵੱਖਰੀ ਮਿਸਾਲ ਕਾਇਮ ਕਰਵਾ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿ ਇਸ ਸਟੇਡੀਅਮ ਦੇ ਨਿਰਮਾਣ ਕਾਰਜ ਨੂੰ ਸਿਰਫ ਕੁਝ ਦਿਨਾਂ ਦੇ ਸਮੇਂ ਵਿਚ ਹੀ ਨੇਪਰੇ ਚਾੜ੍ਹਿਆ ਗਿਆ। ਸਾਬਕਾ ਸਰਪੰਚ ਅਮਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਤੇ ਮੌਜੂਦਾ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਪੁੱਤਰ ਸੁਖਜੀਤ ਸਿੰਘ ਤੇ ਸਮੁੱਚੀ ਗ੍ਰਾਮ ਪੰਚਾਇਤ.ਐਨ.ਆਰ.ਆਈ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਪਰਾਲੇ ਸਦਕਾ ਇਸ ਵਾਰ ਵੀ ਘੋਲਾਂ ਨੂੰ ਵੱਡੀ ਪੱਧਰ 'ਤੇ ਕਰਵਾਉਣ ਲਈ ਯੋਜਨਾ ਉਲੀਕੀ ਗਈ ਹੈ। 5 ਅਪ੍ਰੈਲ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਨਾਮੀ ਪਹਿਲਵਾਨ ਜੋਰ ਅਜ਼ਮਾਈ ਕਰਕੇ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨਗੇ।
ਕੁਲਦੀਪ ਸਿੰਘ ਲੋਹਟ 9876492410


