ਕੂੜੇ ਦੇ ਢੇਰ ਤੋਂ ਮਿਲੀ ਨੌਜਵਾਨ ਦੀ ਲਾਸ਼ , ਮਿ੍ਰਤਕ ਕੱਲ ਹੀ ਦੁਬਈ ਤੋਂ ਆਇਆ ਸੀ ਵਾਪਸ
ਮੋਗਾ,23 ਮਾਰਚ (ਲਛਮਣਜੀਤ ਸਿੰਘ ਪੁਰਬਾ) : ਅੱਜ ਮੋਗਾ ਜ਼ਿਲੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਹੱਲਾ ਸੰਧੂਆਂ ‘ਚ ਇਕ 32 ਸਾਲਾ ਨੌਜਵਾਨ ਦੀ ਲਾਸ਼ ਰੂੜੀਆਂ ਦੇ ਢੇਰ ਤੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਦੋ ਦਿਨ ਪਹਿਲਾਂ ਹੀ ਦੁਬਈ ਤੋਂ ਆਪਣੇ ਜੀਜੇ ਨਾਲ ਭਾਰਤ ਪਰਤਿਆ ਸੀ । ਘਟਨਾ ਦਾ ਪਤਾ ਲੱਗਦਿਆਂ ਹੀ ਡੀ ਐਸ ਪੀ ਸਿਟੀ ਪਰਮਜੀਤ ਸਿੰਘ ਸੰਧੂ ਅਤੇ ਐਸ.ਐਚ.ਓ. ਬਲਵਿੰਦਰ ਸਿੰਘ ਮੌਕੇ ਤੇ ਪਹੰੁਚੇ । ਪੁਲਿਸ ਅਧਿਕਾਰੀ ਪਰਮਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਮਿ੍ਰਤਕ ਸੂਰਜ ਪੁੱਤਰ ਨਿਰਦੇਵ ਸਿੰਘ ਨਿਵਾਸੀ ਮੁਹੱਲਾ ਸੰਧੂਆਂ ਪੁਰਾਣਾ ਮੋਗਾ ਨਾਮ ਦਾ ਲੜਕਾ ਦੋ ਮਹੀਨੇ ਪਹਿਲਾਂ ਦੁਬਈ ਗਿਆ ਸੀ ਤੇ ਕੱਲ ਹੀ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਅੱਜ ਸਵੇਰੇ ਇਸ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ ਹੈ । ਉਹਨਾਂ ਕਿਹਾ ਕਿ ਮਿ੍ਰਤਕ ਸੂਰਜ ਦੇ ਸ਼ਰੀਰ ’ਤੇ ਕਿਸੇ ਕਿਸਮ ਦੇ ਸੱਟ ਦੇ ਨਿਸ਼ਾਨ ਨਹੀਂ ਹਨ ਪਰ ਤਫ਼ਤੀਸ਼ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਮਿ੍ਰਤਕ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਮੋਗਾ ਦੇ ਸੰਧੂਆਂ ਵਾਲੇ ਮੁਹੱਲੇ ਦਾ ਰਹਿਣ ਵਾਲਾ ਸੀ । ਇਹ ਵੀ ਦੱਸਿਆ ਜਾ ਰਿਹਾ ਹੈ ਕਿ 2 ਸਾਲ ਪਹਿਲਾਂ ਲੜਕੇ ਦਾ ਵਿਆਹ ਹੋਇਆ ਸੀ ਤੇ ਉਹ ਕੱਲ ਹੀ ਆਪਣੇ ਜੀਜੇ ਨਾਲ ਦੁਬਈ ਤੋਂ ਆਇਆ ਸੀ । ਪਰਿਵਾਰ ਵਾਲਿਆਂ ਦਾ ਆਖਣਾ ਹੈ ਕਿ ਉਹਨਾਂ ਦੇ ਪੁੱਤਰ ਸੂਰਜ ਨੇ ਦੋ ਸਾਲ ਪਹਿਲਾਂ ਨਿੰਮਾਂ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਸ ਦੀ ਪਤਨੀ ਨਿੰਮਾਂ ਵਿਆਹ ਤੋਂ ਬਾਅਦ ਕੰਮ ਦੀ ਭਾਲ ‘ਚ ਦੁਬਈ ਚਲੀ ਗਈ ਸੀ ਜਿੱਥੇ ਉਹ ਕਿਸੇ ਦੇ ਘਰ ਕੰਮ ਕਰਦੀ ਸੀ । ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਵੀ ਦੋ ਮਹੀਨੇ ਪਹਿਲਾਂ ਜਗਰਾਓਂ ਨਿਵਾਸੀ ਆਪਣੇ ਜੀਜੇ ਗੁਰਪ੍ਰੀਤ ਸਿੰਘ ਨਾਲ ਦੁਬਈ ਗਿਆ ਸੀ ਪਰ ਕੰਮ ਕਾਰ ਨਾ ਮਿਲਣ ਕਾਰਨ ਉਹ ਕੱਲ ਹੀ ਵਾਪਸ ਘਰ ਪਰਤੇ ਸਨ। ਕੱਲ ਇਹ ਦੋਨੋਂ ਜਦੋਂ ਆਟੋ ਕਰਵਾ ਕੇ ਘਰ ਆਏ ਤਾਂ ਸੂਰਜ ਘਰ ਦੇ ਗੇਟ ਕੋਲੋਂ ਆਟੋ ਵਾਲੇ ਨੂੰ ਪੈਸੇ ਦੇ ਕੇ ਆਪਣੇ ਜੀਜੇ ਨੂੰ ਕਹਿ ਗਿਆ ਕਿ ਉਹ ਥੋੜੀ ਤੱਕ ਆਉਂਦਾ ਹੈ ਪਰ ਰਾਤ ਘਰ ਨਹੀਂ ਆਇਆ । ਅੱਜ ਸਵੇਰੇ ਮੁਹੱਲਾ ਸੰਧੂਆਂ ਵਾਲਾ ਦੇ ਬਲਦੇਵ ਸਿੰਘ ਨਾਮ ਦੇ ਵਿਅਕਤੀ ਨੇ ਵਾਰਡ ਦੀ ਕੌਂਸਲਰ ਬੀਬੀ ਗੁਰਚਰਨ ਕੌਰ ਨੂੰ ਉਕਤ ਸੂਚਨਾ ਦਿੱਤੀ ਤਾਂ ਕੌਂਸਲਰ ਨੇ ਤੁਰੰਤ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ । ਜਿਸ ਤੇ ਪੁਲਿਸ ਅਧਿਕਾਰੀ ਅਤੇ ਕੁਝ ਹੀ ਦੂਰੀ ’ਤੇ ਰਹਿ ਰਹੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਲਾਸ਼ ਦੀ ਪਹਿਚਾਣ ਕੀਤੀ । ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਸੂਰਜ ਦੇ ਮੂੰਹ ਤੋਂ ਖੂਨ ਵੱਗ ਰਿਹਾ ਸੀ ਅਤੇ ਬਾਂਹ ’ਤੇ ਖਰੋਚਾਂ ਦੇ ਨਿਸ਼ਾਨ ਵੀ ਸਨ ਜਿਸ ਤੋਂ ਉਹਨਾਂ ਨੂੰ ਸੂਰਜ ਦੇ ਕਤਲ ਹੋਣ ਦਾ ਅੰਦੇਸ਼ਾ ਲੱਗ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੁਰਾਣੇ ਮੋਗਾ ਦੀ ਨਿਵਾਸੀ ਜੀਤੋ ਭੂਆ ਨਾਮ ਦੀ ਮਹਿਲਾ ਨਸ਼ੇ ਦਾ ਕਾਰੋਬਾਰ ਕਰਦੀ ਸੀ ਅਤੇ ਉਹਨਾ ਦਾ ਪੁੱਤਰ ਸੂਰਜ ਸਾਲ ਪਹਿਲਾਂ ਉਸ ਕੋਲ ਜਾਂਦਾ ਸੀ ਪਰ ਉਹਨਾਂ ਦੋਹਾਂ ਦਾ ਕਿਸੇ ਕਾਰਨ ਆਪਸੀ ਝਗੜਾ ਹੋ ਗਿਆ ਅਤੇ ਉਕਤ ਜੀਤੋ ਭੂਆ ਨਾਮ ਦੀ ਮਹਿਲਾ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਉਹਨਾ ਦੇ ਘਰ ਸੂਰਜ ਨੂੰ ਮਾਰ ਦੇਣ ਦੀ ਨੀਅਤ ਨਾਲ ਆਈ ਸੀ । ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਸਮੇਂ ਉਹਨਾਂ ਪੈਰਵਾਈ ਕਰਦਿਆਂ ਉਕਤ ਮਹਿਲਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ । ਪਰਿਵਾਰ ਨੇ ਉਕਤ ਮਹਿਲਾ ’ਤੇ ਸੂੁਰਜ ਦੇ ਕਤਲ ਵਿਚ ਹੱਥ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ।


