ਸ਼ਹੀਦ ਹੋਇਆ ਇਕ ਹੋਰ ਫੌਜੀ ਜਵਾਨ, ਜੰਮੂ ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਮੋਗਾ ਜ਼ਿਲੇ ਦੇ ਪਿੰਡ ਜਨੇਰ ਨਾਲ ਸਬੰਧਤ ਸੀ 24 ਸਾਲਾ ਨੌਜਵਾਨ ਕਰਮਜੀਤ ਸਿੰਘ

ਮੋਗਾ,18 ਮਾਰਚ (ਜਸ਼ਨ): ਪੰਜਾਬੀ ਲੋਕ ਗੀਤਾਂ ਵਿਚ ਅਕਸਰ ਪੰਜਾਬੀਆਂ ਦਾ ਦਰਦ ਬਿਆਨ ਕੀਤਾ ਹੁੰਦੈ ਤੇ ਪੰਜਾਬੀ ਟੱਪਿਆਂ ਵਿਚ ਬਹੁਤ ਹੀ ਦਰਦ ਭਿੱਜੇ ਬੋਲ ਨੇ ‘‘ਖੰਭ ਖਿਲਰੇ ਨੇ ਕਾਵਾਂ ਦੇ .....ਗੋਲੀਬਾਰੀ ਰੋਕ ਦਿਓ ,ਪੁੱਤ ਮੁੱਕ ਚੱਲੇ ਮਾਵਾਂ ਦੇ ’’ ’ਤੇ ਇਹਨਾਂ ਬੋਲਾਂ ਮੁਤਾਬਕ ਹੀ ਅੱਜ ਹਰ ਪੰਜਾਬੀ ਪੁਲਵਾਮਾ ਹਮਲੇ ਤੋਂ ਬਾਅਦ ਮੁੜ ਅਥਰੂ ਵਹਾਉਣ ਲਈ ਮਜਬੂਰ ਹੋਇਆ ਜਦੋਂ ਮੋਗਾ ਜ਼ਿਲੇ ਦਾ 24 ਸਾਲਾ ਫੌਜੀ ਜਵਾਨ ਸਰਹੱਦ ’ਤੇ ਜਾਨ ਵਾਰ ਗਿਆ । ਅੱਜ ਸਵੇਰ ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਵਾਲੇ ਪਾਸਿਓਂ ਹੋਈ ਗੋਲੀਬਾਰੀ ‘ਚ ਮੋਗਾ ਦੀ ਤਹਿਸੀਲ ਧਰਮਕੋਟ ਦੇ ਪਿੰਡ ਜਨੇਰ ਨਾਲ ਸਬੰਧਤ ਫੌਜੀ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਹੋਇਆ ਕਰਮਜੀਤ ਸਿੰਘ ਮੋਗਾ ਜ਼ਿਲੇ ਦੇ ਪਿੰਡ ਜਨੇਰ ਦਾ ਵਸਨੀਕ ਹੈ ਅਤੇ ਉਸ ਦੇ ਪਿਤਾ ਸਾਬਕਾ ਫੌਜੀ ਅਵਤਾਰ ਸਿੰਘ ਹੁਣ ਵਾਹੀ ਕਰਨ ਦੇ ਨਾਲ ਨਾਲ ਸਕੂਲ ਬੱਸ ਚਲਾਉਂਦੇ ਹਨ । ਕਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ 18  ਸਿੱਖ ਰੈਜੀਮੈਟ ਵਿਚ ਤੈਨਾਤ ਸੀ। ਸ਼ਹੀਦ ਕਰਮਜੀਤ ਸਿੰਘ ਦਾ ਇਕ ਵੱਡਾ ਭਰਾ ਅਤੇ ਇਕ ਭੈਣ ਹੈ । ਪਰਿਵਾਰ ਨੂੰ ਕੁਝ ਘੰਟੇ ਪਹਿਲਾਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ ਜਿਸ ਕਾਰਨ ਸਾਰਾ ਪਰਿਵਾਰ , ਪਿੰਡ ਅਤੇ ਪੰਜਾਬ ਤਾਂ ਸਦਮੇਂ ਵਿਚ ਹੈ ਹੀ ਪਰ ਵੱਡੇ ਜਿਗਰੇ ਨਾਲ  ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹਨਾਂ ਨੂੰ ਕਰਮਜੀਤ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ । ਉਹਨਾਂ ਕਿਹਾ ਕਿ ਪਹਿਲਾਂ ਦੇਸ਼ ਹੈ ਤੇ ਫਿਰ ਪਰਿਵਾਰ। ਪਿੰਡ ਜਨੇਰ ਦੇ ਸਰਪੰਚ ਪਰਮਿੰਦਰ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ15 ਨਵੰਬਰ 1994 ਨੂੰ ਜਨਮਿਆ ਕਰਮਜੀਤ ਸਿੰਘ 28 ਜੂਨ 2015 ਵਿਚ ਫੌਜ ਵਿਚ ਭਰਤੀ ਹੋਇਆ ਸੀ ਤੇ ਮਹਿਜ਼ 24 ਸਾਲ ਦੀ ਉਮਰ ਵਿਚ ਉਹ ਅੱਜ ਸ਼ਹੀਦ ਹੋ ਗਿਆ। ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ’ਤੇ ਅੱਜ ਕੀਤੀ ਜੰਗਬੰਦੀ ਦੀ ਉਲੰਘਣਾ ‘ਚ ਮੋਗਾ ਜ਼ਿਲੇ ਦੇ ਪਿੰਡ ਜਨੇਰ ਨਾਲ ਸਬੰਧਤ ਜਵਾਨ ਕਰਮਜੀਤ ਸਿੰਘ ਦੀ ਮੌਤ ਹੋ ਗਈ। ਇਹ ਹਮਲਾ ਅੱਜ ਸਵੇਰ ਵੇਲੇ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ਦੇ ਕੇਰੀ ਬਤੱਲ ਵਿਚ ਹੋਇਆ ਦੱਸਿਆ ਜਾ ਰਿਹੈ। ਘਟਨਾ ਬਾਰੇ ਪਤਾ ਲੱਗਦਿਆਂ ਹੀ ਪਿੰਡ ਵਾਸੀ ਸ਼ਹੀਦ ਕਰਮਜੀਤ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ। ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਰਮਜੀਤ ਦੀ ਸ਼ਹਾਦਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ