ਦੋ ਸਕੇ ਭਰਾਵਾਂ ਦੀ ਮੌਤ,ਭੈਣ ਨੂੰ ਮਿਲ ਕੇ ਆ ਰਹੇ ਭਰਾਵਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਮੋਗਾ,17 ਮਾਰਚ (ਜਸ਼ਨ): ਕਸਬਾ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ ’ਤੇ ਅਨਾਜ ਮੰਡੀ ਨਜ਼ਦੀਕ ਸ਼ਨੀਵਾਰ ਦੀ ਰਾਤ ਨੂੰ ਬਾਈਕ ਸਵਾਰ ਦੋ ਭਰਾਵਾਂ ਨੂੰ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨਾਂ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਲਈ ਸਿਵਲ ਹਸਪਤਾਲ ਰੱਖਵਾ ਦਿੱਤੀਆਂ ਨੇ । ਅੱਜ ਹਾਦਸੇ ਦੇ ਸ਼ਿਕਾਰ ਦੋਹਾਂ ਭਰਾਵਾਂ ਦੇ ਇਕ ਹੋਰ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਬਾਘਾਪੁਰਾਣਾ ਦੇ ਹੌਲਦਾਰ ਅਮਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਗਿੱਲ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਹਨਾਂ ਦਾ ਭਰਾ ਗੋਰਾ ਸਿੰਘ ਅਤੇ ਬਲਵੀਰ ਸਿੰਘ ਬਾਈਕ ’ਤੇ ਕੋਟਕਪੂਰਾ ਦੇ ਪਿੰਡ ਢਿਲਵਾਂ ਵਿਖੇ ਆਪਣੀ ਭੈਣ ਨੂੰ ਮਿਲਣ ਗਏ ਸਨ ਪਰ ਜਦੋਂ ਉਹ ਰਾਤ 9 ਵਜੇ ਦੇ ਕਰੀਬ ਵਾਪਸ ਆ ਰਹੇ ਸਨ ਤਾਂ ਅਨਾਜ ਮੰਡੀ ਨਜ਼ਦੀਕ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਹੌਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੱਜ ਮਿ੍ਰਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਨੇ।


